ਲੁਧਿਆਣਾ: ਪੰਜਾਬ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਅੰਦਰ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਦੀ ਭਾਲ ਲਈ ਲੱਖਾਂ ਰੁਪਿਆ ਲਾਉਂਦੇ ਨੇ ਪਰ ਇਸ ਦੇ ਬਾਵਜੂਦ ਕਈ ਵਾਰ ਉਹਨਾਂ ਨੂੰ ਨਾ ਹੀ ਰੁਜ਼ਗਾਰ ਮਿਲ ਪਾਉਂਦਾ ਹੈ ਅਤੇ ਕਈ ਫਰਜੀ ਏਜੰਟਾਂ ਦੇ ਜਾਲ 'ਚ ਫਸ ਕੇ ਆਪਣੇ ਸਾਰੀ ਉਮਰ ਦੀ ਕਮਾਈ ਖਰਾਬ ਕਰ ਬੈਠਦੇ ਹਨ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਹੁਣ ਪੰਜਾਬ ਦੇ ਨੌਜਵਾਨ ਆਪਣੇ ਖੁਦ ਦੇ ਬ੍ਰਾਂਡ ਬਣਾ ਕੇ ਖਾਣ ਪੀਣ ਵਾਲੀਆਂ ਵਸਤਾਂ ਨੂੰ ਪ੍ਰੋਸੈਸਿੰਗ ਕਰਕੇ ਅੱਗੇ ਵੇਚ ਸਕਦੇ ਹਨ। ਅਜਿਹੀਆਂ ਇਕਾਈਆਂ ਲਾਉਣ ਦੇ ਲਈ ਸਰਕਾਰ ਵੱਲੋਂ ਉਹਨਾਂ ਨੂੰ 15 ਤੋਂ ਲੈ ਕੇ 35 ਫੀਸਦੀ ਤੱਕ ਦੀ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇੰਨਾ ਹੀ ਨਹੀਂ ਸਾਲ ਦੇ ਵਿੱਚ ਤਿੰਨ ਤੋਂ ਪੰਜ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਹਨ, ਜਿਸ ਦੇ ਨਾਲ ਨੌਜਵਾਨ ਇਹਨਾਂ ਮਸ਼ੀਨਾਂ ਨੂੰ ਚਲਾਉਣ ਦੀ ਤਕਨੀਕ ਸਿੱਖ ਕੇ ਆਸਾਨੀ ਦੇ ਨਾਲ ਆਪਣਾ ਪ੍ਰੋਜੈਕਟ ਲਗਾ ਸਕਦੇ ਹਨ। ਇਸ ਨਾਲ ਮਹੀਨੇਵਾਰ ਉਹ 50 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਦੀ ਆਮਦਨ ਹਾਸਲ ਕਰ ਸਕਦੇ ਹਨ।
ਯੂਨੀਵਰਸਿਟੀ ਕਰ ਰਹੀ ਕਿਸਾਨਾਂ ਦੀ ਮਦਦ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਦੇ ਪ੍ਰਿੰਸੀਪਲ ਵਿਗਿਆਨੀ ਡਾਕਟਰ ਐਮਐਸ ਆਲਮ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਕਿਸਾਨਾਂ ਲਈ ਛੋਟੀ ਇਕਾਈਆਂ ਸਥਾਪਿਤ ਕਰਨ ਦੇ ਲਈ ਮਸ਼ੀਨਰੀ ਬਣਾਈ ਗਈ ਹੈ, ਜਿਸ ਦੇ ਨਾਲ ਕਿਸਾਨ ਵੀਰ ਵੱਖ-ਵੱਖ ਖੁਰਾਕ ਪਦਾਰਥਾਂ ਦੀ ਪ੍ਰੋਸੈਸਿੰਗ ਕਰਕੇ ਬਾਜ਼ਾਰ ਦੇ ਵਿੱਚ ਉਸ ਨੂੰ ਅੱਗੇ ਵੇਚ ਸਕਦੇ ਹਨ। ਇਸ ਨਾਲ ਉਹਨਾਂ ਨੂੰ ਕੱਚੇ ਮਾਲ ਤੋਂ ਲੱਗਭਗ ਦੁੱਗਣੀ ਆਮਦਨ ਹੋ ਸਕਦੀ ਹੈ। ਉਹਨਾਂ ਕਿਹਾ ਕਿ ਵੱਖ-ਵੱਖ ਮਸ਼ੀਨਾਂ ਹਨ, ਜਿਨਾਂ ਦੀ ਕੀਮਤ 1 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦੀ ਹੈ, ਇਸ ਨਾਲ ਤੇਲ ਕੱਢਣ ਦੇ ਨਾਲ ਕਣਕ ਤੋਂ ਆਟਾ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸ਼ਹਿਦ ਦੀ ਪ੍ਰੋਸੈਸਿੰਗ, ਚਾਵਲਾਂ ਦੇ ਲਈ ਅਤੇ ਹੋਰ ਖਾਦ ਪਦਾਰਥ ਆਸਾਨੀ ਦੇ ਨਾਲ ਕੱਚੇ ਮਾਲ ਤੋਂ ਲੋਕਾਂ ਦੇ ਖਾਣ ਲਈ ਤਿਆਰ ਕੀਤੇ ਜਾ ਸਕਦੇ ਹਨ।
ਕਿੰਨੀ ਕੀਮਤ ਅਤੇ ਸਬਸਿਡੀ: ਡਾਕਟਰ ਆਲਮ ਨੇ ਦੱਸਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਇਹਨਾਂ ਇਕਾਈਆਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨ ਦੇ ਲਈ ਇਸ 'ਤੇ ਸਬਸਿਡੀ ਦੀ ਵੀ ਤਜਵੀਜ਼ ਰੱਖੀ ਗਈ ਹੈ। ਉਹਨਾਂ ਕਿਹਾ ਕਿ 15 ਫੀਸਦੀ ਤੋਂ ਲੈ ਕੇ 35 ਫੀਸਦੀ ਤੱਕ ਵੱਖ-ਵੱਖ ਕੈਟਾਗਰੀ ਦੇ ਅੰਦਰ ਸਬਸਿਡੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਮਸ਼ੀਨ ਦੀ ਕੀਮਤ 70 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ 4 ਲੱਖ ਰੁਪਏ ਤੱਕ ਰਹਿੰਦੀ ਹੈ। ਉਹਨਾਂ ਕਿਹਾ ਕਿ ਜੇਕਰ ਤਿੰਨ ਚਾਰ ਮਸ਼ੀਨਾਂ ਇਕੱਠੀਆਂ ਲਗਾਉਣੀਆਂ ਹਨ ਤਾਂ ਪੂਰਾ ਪ੍ਰੋਜੈਕਟ 20 ਤੋਂ 25 ਲੱਖ ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਹੈ। ਇਸ ਨੂੰ ਲਾਉਣ ਲਈ ਕੋਈ ਬਹੁਤੀ ਥਾਂ ਦੀ ਲੋੜ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸਮਝ ਦੇ ਨਾਲ ਇਸ ਨੂੰ ਆਪਣੇ ਘਰ ਤੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਇਸ ਤੋਂ ਤਿਆਰ ਹੋਣ ਵਾਲਾ ਸਮਾਨ ਸਿੱਧੇ ਤੌਰ 'ਤੇ ਬਾਜ਼ਾਰ ਦੇ ਵਿੱਚ ਵੇਚ ਕੇ ਕਿਸਾਨ ਕਾਫੀ ਪੈਸੇ ਕਮਾ ਸਕਦੇ ਹਨ। ਉਹਨਾਂ ਕਿਹਾ ਕਿ ਆਸਾਨੀ ਨਾਲ ਇਹਨਾਂ ਵੱਖ-ਵੱਖ ਮਸ਼ੀਨਾਂ ਤੋਂ ਇੱਕ ਮਹੀਨੇ ਅੰਦਰ ਕਮਾਈ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਹੋ ਸਕਦੀ ਹੈ। ਇਸ ਕੰਮ 'ਤੇ ਆਸਾਨੀ ਦੇ ਨਾਲ ਲੋਨ ਵੀ ਮਿਲ ਜਾਂਦਾ ਹੈ।
ਕਿੰਨਾ ਸਫਲ ਤੇ ਸਿਖਲਾਈ: ਡਾਕਟਰ ਆਲਮ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਤੱਕ 300 ਦੇ ਕਰੀਬ ਯੂਨਿਟ ਲੱਗ ਚੁੱਕੇ ਹਨ, ਜਿਨਾਂ ਵਿੱਚੋਂ ਇੱਕ ਯੂਨਿਟ ਮੋਗਾ ਦੇ ਵਿੱਚ ਵੀ ਹੈ। ਜਿੱਥੇ ਕਿਸਾਨ ਵੱਲੋਂ ਏਕਮ ਦੇ ਨਾਂ 'ਤੇ ਆਪਣਾ ਬ੍ਰਾਂਡ ਬਣਾ ਕੇ ਅੱਗੇ ਲਿਫਾਫਿਆਂ ਵਿੱਚ ਪਾ ਕੇ ਚੰਗੀ ਪੈਕਜਿੰਗ ਅਤੇ ਬ੍ਰਾਂਡਿੰਗ ਕਰਕੇ ਉਸ ਨੂੰ ਵੇਚਿਆ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਵੀ ਇਸ ਦੀ ਕਾਫੀ ਡਿਮਾਂਡ ਹੈ ਅਤੇ ਇਸ ਸਬੰਧੀ ਬਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਲ ਦੇ ਵਿੱਚ ਤਿੰਨ ਤੋਂ ਲੈ ਕੇ ਪੰਜ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ। ਜਿਸ ਤੋਂ ਕਿਸਾਨ ਵੀਰ ਆਸਾਨੀ ਦੇ ਨਾਲ ਅਜਿਹੀ ਮਸ਼ੀਨਾਂ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ, ਇਸ ਸਬੰਧੀ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵਿਦੇਸ਼ ਜਾਣ ਦੇ ਲਈ ਨੌਜਵਾਨ ਲੱਖਾਂ ਰੁਪਏ ਬਰਬਾਦ ਕਰਦੇ ਹਨ, ਇਸ ਦੇ ਨਾਲ ਸਾਡੀ ਨੌਜਵਾਨੀ ਵਿਦੇਸ਼ ਵੱਲ ਪਲਾਇਨ ਕਰ ਰਹੀ ਹੈ, ਉਸ 'ਤੇ ਵੀ ਠੱਲ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਪਿੰਡ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਜੇਕਰ ਇਹ ਮਸ਼ੀਨਾਂ ਖਰੀਦਦੀਆਂ ਹਨ ਤਾਂ ਇਸ ਦੇ ਵਿੱਚ ਹੋਰ ਵੀ ਫਾਇਦਾ ਨੌਜਵਾਨ ਕਿਸਾਨਾਂ ਨੂੰ ਹੋ ਸਕਦਾ ਹੈ।
ਘੱਟ ਬਿਜਲੀ ਅਤੇ ਘੱਟ ਲੇਬਰ: ਡਾਕਟਰ ਆਲਮ ਨੇ ਦੱਸਿਆ ਕਿ ਇਹ ਮਸ਼ੀਨਾਂ ਇੱਕ ਮੋਟਰ 'ਤੇ ਵੀ ਸਾਰੀਆਂ ਹੀ ਚਲਾਈਆਂ ਜਾ ਸਕਦੀਆਂ ਹਨ, ਪਰ ਵੱਖ-ਵੱਖ ਮਸ਼ੀਨਾਂ 'ਤੇ ਵੱਖ-ਵੱਖ ਮੋਟਰਾਂ ਵੀ ਲੱਗੀਆਂ ਹਨ, ਜਿਸ ਦੇ ਮੁਤਾਬਕ ਇਹਨਾਂ ਦੀਆਂ ਕੀਮਤਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇੱਕ ਮੋਟਰ ਵੀ ਸਾਰੀਆਂ ਮਸ਼ੀਨਾਂ ਨੂੰ ਚਲਾ ਸਕਦੀ ਹੈ, ਇਸ ਨੂੰ ਛੋਟੀਆਂ ਮੋਟਰਾਂ ਲਗਾਈਆਂ ਗਈਆਂ ਹਨ ਜਿਸ ਕਰਕੇ ਇਹ ਬਿਜਲੀ ਵੀ ਕਾਫੀ ਘੱਟ ਖਿੱਚਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਸ਼ੀਨਾਂ ਦੀ ਵੱਖ-ਵੱਖ ਸਮਰੱਥਾ ਹੈ, ਰਾਅ ਮਟੀਰੀਅਲ ਤੋਂ ਤਿਆਰ ਖੁਰਾਕ ਪਦਾਰਥ ਬਣਾਉਣ ਦੇ ਲਈ ਇਹਨਾਂ ਦੀ ਆਪਣੀ ਸਮਰੱਥਾ ਹੈ। ਉਹਨਾਂ ਕਿਹਾ ਕਿ ਸਾਰੀਆਂ ਮਸ਼ੀਨਾਂ ਆਟੋਮੈਟਿਕ ਹਨ, ਸਿਰਫ ਇੱਕ ਸੁੱਚ ਦੱਬਣ ਦੇ ਨਾਲ ਹੀ ਇਹ ਮਸ਼ੀਨ ਸ਼ੁਰੂ ਹੋ ਜਾਂਦੀ ਹੈ ਅਤੇ 1 ਸੁੱਚ ਦੱਬਣ ਨਾਲ ਬੰਦ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਲਈ ਬਹੁਤੀ ਲੇਬਰ ਦੀ ਵੀ ਲੋੜ ਨਹੀਂ ਹੈ, ਇੱਕ ਜਾਂ ਦੋ ਵਿਅਕਤੀ ਆਸਾਨੀ ਦੇ ਨਾਲ ਇਹਨਾਂ ਸਾਰੀਆਂ ਹੀ ਮਸ਼ੀਨਾਂ ਨੂੰ ਅਪਡੇਟ ਕਰਕੇ ਚੰਗੀ ਕਮਾਈ ਹਾਸਿਲ ਕਰ ਸਕਦੇ ਹਨ।