ਲੁਧਿਆਣਾ: ਸ਼ਹਿਰ ਦੀ ਰਹਿਣ ਵਾਲੀ ਜੀਵਨ ਲਤਾ ਵੱਲੋਂ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਲੁਧਿਆਣਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਗਿਆ ਹੈ। ਜੀਵਨ ਲਤਾ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਧੀ ਹੈ ਜਿਸ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਵਿੱਚ ਵੇਟ ਲਿਫਟਿੰਗ ਅੰਦਰ ਕੁੱਲ 184 ਕਿਲੋ ਦਾ ਭਾਰ ਚੁੱਕ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ।
ਅਭਿਆਸ ਲਈ ਰੋਜ਼ਾਨਾ 15 ਕਿਮੀ. ਦਾ ਸਫਰ ਤੈਅ: ਸਾਲ 2022 ਦੇ ਵਿੱਚ ਜੀਵਨ ਲਤਾ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਮਹਿਜ਼ ਦੋ ਸਾਲਾਂ ਵਿੱਚ ਹੀ ਉਸ ਨੇ ਆਪਣੇ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਈਆਂ 28 ਕੁੜੀਆਂ ਨੂੰ ਮਾਤ ਦੇ ਦਿੱਤੀ ਅਤੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਜੀਵਨ ਲਤਾ ਕੁੜੀਆਂ ਲਈ ਮਿਸਾਲ ਬਣ ਗਈ ਹੈ, ਜੋ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦੀਆਂ ਹਨ ਅਤੇ ਆਪਣੇ ਦੇਸ਼ ਦੇ ਲਈ ਆਪਣੇ ਸੂਬੇ ਦੇ ਲਈ ਆਪਣੇ ਜ਼ਿਲੇ ਦੇ ਲਈ ਮੈਡਲ ਲਿਆਉਣਾ ਚਾਹੁੰਦੀਆਂ ਹਨ। ਰੋਜਾਨਾ 15 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਪ੍ਰੈਕਟਿਸ ਕਰਨ ਲਈ ਆਉਂਦੀ ਹੈ।
ਕਿਵੇਂ ਹੋਈ ਸ਼ੁਰੂਆਤ: ਜੀਵਨ ਲਤਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪਾਵਰ ਲਿਫਟਿੰਗ ਕਰਦੀ ਸੀ ਅਤੇ ਪਾਵਰ ਲਿਫਟਿੰਗ ਵਿੱਚ ਉਹ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਚੈਂਪੀਅਨ ਰਹਿ ਚੁੱਕੀ ਹੈ, ਪਰ ਉਸ ਨੂੰ ਕੋਚ ਨੇ ਦੱਸਿਆ ਕਿ ਇਸ ਫੀਲਡ ਵਿੱਚ ਕੋਈ ਬਹੁਤਾ ਸਕੋਪ ਨਹੀਂ ਹੈ ਜਿਸ ਦੇ ਚੱਲਦਿਆਂ ਉਸ ਨੇ ਵੇਟ ਲਿਫਟਿੰਗ ਦੀ ਸ਼ੁਰੂਆਤ ਕੀਤੀ। ਕੋਚ ਕਮਲਦੀਪ ਸਿੰਘ ਦੀ ਰਹਿਨੁਮਾਈ ਹੇਠ ਉਸ ਨੇ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ। ਸਾਲ 2022 ਵਿੱਚ ਵੇਟ ਲਿਫਟਿੰਗ ਸ਼ੁਰੂ ਕੀਤੀ ਅਤੇ 2024 ਦੇ ਵਿੱਚ ਉਸ ਨੇ ਇੰਟਰ ਯੂਨੀਵਰਸਿਟੀ ਵਿੱਚ ਦੇਸ਼ ਦੀਆਂ ਸਾਰੀਆਂ ਹੀ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਉਹ ਸਟੇਟ ਪੱਧਰ ਉੱਤੇ ਸਿਲਵਰ ਮੈਡਲ ਵੀ ਹਾਸਿਲ ਕਰ ਚੁੱਕੀ ਹੈ। ਹੁਣ ਉਸ ਦੀ ਨਜ਼ਰ ਕੌਮੀ ਪੱਧਰ ਉੱਤੇ ਗੋਲਡ ਮੈਡਲ ਹਾਸਿਲ ਕਰਨ ਦੀ ਹੈ ਜਿਸ ਲਈ ਉਹ ਦਿਨ ਰਾਤ ਮਿਹਨਤ ਕਰਦੀ ਹੈ।
70 ਯੂਨੀਵਰਸਿਟੀਆਂ ਚੋਂ ਅਵਲ: ਜੀਵਨ ਲਤਾ ਨੇ ਦੱਸਿਆ ਕਿ ਇਹ ਮੁਕਾਬਲਾ ਬੀਤੇ ਦਿਨ 70 ਯੂਨੀਵਰਸਿਟੀਆਂ ਵਿਚਾਲੇ ਹੀ ਹੋਇਆ ਸੀ। ਉਸ ਨੇ ਕਿਹਾ ਕਿ ਉਸ ਦੀ ਭਾਰ ਦੀ ਕੈਟਾਗਰੀ ਦੀਆਂ ਹੀ ਕੁੱਲ 28 ਕੁੜੀਆਂ ਸਨ, ਜਿਨ੍ਹਾ ਨਾਲ ਉਸ ਦਾ ਸਿੱਧਾ ਮੁਕਾਬਲਾ ਸੀ। ਪਰ, ਉਸ ਨੇ ਆਪਣੀ ਖੇਡ ਦੇ ਜ਼ੌਹਰ ਵਿਖਾਉਂਦੇ ਹੋਏ, ਉਨ੍ਹਾਂ ਸਾਰੀਆਂ ਹੀ ਕੁੜੀਆਂ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾ ਕਰ ਲਿਆ। ਇੰਟਰ ਯੂਨੀਵਰਸਿਟੀ ਦੇ ਵਿੱਚ ਜੇਕਰ ਦੋ ਵਾਰੀ ਗੋਲਡ ਮੈਡਲ ਹਾਸਿਲ ਕਰ ਲਿਆ ਜਾਵੇ, ਤਾਂ ਸਿੱਧਾ ਕੋਚ ਉਹ ਲੱਗ ਸਕਦੀ ਹੈ, ਪਰ ਫਿਲਹਾਲ ਉਹ ਨੌਕਰੀ ਨਹੀਂ ਕਰਨਾ ਚਾਹੁੰਦੀ। ਉਹ ਆਪਣੀ ਖੇਡ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੀ ਹੈ।
ਕੁਦਰਤੀ ਖੁਰਾਕ ਦਾ ਸੇਵਨ, ਕੋਈ ਪ੍ਰੋਟੀਨ ਦੀ ਵਰਤੋਂ ਨਹੀਂ : ਜੀਵਨ ਲਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਵੀ ਉਸ ਨੂੰ ਪੂਰਾ ਸਮਰਥਨ ਰਹਿੰਦਾ ਹੈ। ਉਹ ਦੇਸੀ ਖੁਰਾਕ ਖਾਂਦੀ ਹੈ ਅਤੇ ਆਪਣੀ ਟ੍ਰੇਨਿੰਗ ਕਰਦੀ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਬਨਾਵਟੀ ਪ੍ਰੋਟੀਨ ਆਦਿ ਦਾ ਉਸ ਨੇ ਸੇਵਨ ਨਹੀਂ ਕੀਤਾ ਜਿਸ ਕਰਕੇ ਉਹ ਕੁਦਰਤੀ ਢੰਗ ਨਾਲ ਅੰਦਰੋਂ ਵੀ ਮਜਬੂਤ ਹੈ ਅਤੇ ਬਾਹਰੋਂ ਵੀ ਪੂਰੀ ਮਜਬੂਤ ਹੈ। ਭਾਰ ਚੱਕਣੇ ਉਸ ਨੂੰ ਔਖੇ ਹੀ ਨਹੀਂ ਲੱਗਦੇ। ਇਸ ਤੋਂ ਇਲਾਵਾ ਉਸ ਦੀ ਟ੍ਰੇਨਿੰਗ ਵੀ ਚੰਗੀ ਹੋਈ ਹੈ। ਖਾਸ ਕਰਕੇ ਤਿੰਨ ਵਾਰ ਦੇ ਕਾਮਨ ਵੈਲਥ ਚੈਂਪੀਅਨ ਰਹੇ ਪ੍ਰਵੇਸ਼ ਚੰਦਰ ਸ਼ਰਮਾ ਨੇ ਵੀ ਉਸ ਨੂੰ ਖੇਡ ਦੇ ਗੁਰ ਦਿੱਤੇ ਹਨ। ਜੀਵਨ ਲਤਾ ਨੇ ਕਿਹਾ ਕਿ ਉਸ ਦੇ ਇਸ ਮੈਡਲ ਦਾ ਸਾਰਾ ਸਿਹਰਾ ਉਸ ਦੇ ਕੋਚ ਦੇ ਸਿਰ ਉੱਤੇ ਹੀ ਜਾਂਦਾ ਹੈ। ਪ੍ਰਵੇਸ਼ ਚੰਦਰ ਸ਼ਰਮਾ ਅਤੇ ਕਮਲਜੀਤ ਸਿੰਘ ਦੀ ਸਖ਼ਤ ਸਿਖਲਾਈ ਸਦਕਾ ਹੀ ਉਹ ਅੱਜ ਇਸ ਮੁਕਾਮ ਉੱਤੇ ਪਹੁੰਚ ਸਕੀ ਹੈ।
ਕੋਚ ਦਾ ਰੋਲ: ਜੀਵਨ ਲਤਾ ਤੇ ਕੋਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਕੁੜੀ ਹੈ ਅਤੇ ਸਵੇਰੇ ਸ਼ਾਮ ਲਗਭਗ ਪੰਜ ਘੰਟੇ ਦੇ ਕਰੀਬ ਪ੍ਰੈਕਟਿਸ ਕਰਦੀ ਹੈ। ਦੂਰੋਂ ਆਉਣ ਦੇ ਬਾਵਜੂਦ ਉਹ ਸਮੇਂ ਸਿਰ ਪ੍ਰੈਕਟਿਸ ਲਈ ਆਉਂਦੀ ਹੈ। ਖੁਰਾਕ ਬਿਲਕੁਲ ਘਰ ਦੀ ਖਾਂਦੀ ਹੈ ਅਤੇ ਮਿਹਨਤ ਸਦਕਾ ਹੀ ਉਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਲਗਭਗ 14 ਕੁੜੀਆਂ ਪ੍ਰੈਕਟਿਸ ਲਈ ਹੁੰਦੀਆਂ ਹਨ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਲੈ ਕੇ 19 ਸਾਲ ਵਿਚਕਾਰ ਹੈ। ਕਮਲਜੀਤ ਨੇ ਕਿਹਾ ਕਿ ਜੀਵਨ ਲਤਾ ਬਾਕੀ ਕੁੜੀਆਂ ਲਈ ਵੀ ਪ੍ਰੇਰਨਾ ਬਣੀ ਹੈ। ਇਕ ਆਮ ਸਧਾਰਨ ਪਰਿਵਾਰ ਦੀ ਕੁੜੀ ਮਿਹਨਤ ਦੇ ਸਦਕਾ ਇਹ ਮੈਡਲ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦੀ ਕੌਮੀ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਲਈ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕੌਮਾਂਤਰੀ ਪੱਧਰ ਦੀ ਚੰਗੀ ਵੇਟ ਲਿਫਟਰ ਬਣੇਗੀ। ਆਪਣੀ ਉਮਰ ਕੈਟਾਗਰੀ ਦੇ ਮੁਤਾਬਿਕ ਇਹ ਕਿਤੇ ਜਿਆਦਾ ਭਾਰ ਚੁੱਕ ਲੈਂਦੀ ਹੈ ਜਿਸ ਕਰਕੇ ਪੰਜਾਬ ਨੂੰ ਅਤੇ ਭਾਰਤ ਨੂੰ ਜੀਵਨ ਲਤਾ ਤੋਂ ਕਾਫੀ ਉਮੀਦਾਂ ਹਨ। ਜੀਵਨ ਲਤਾ ਦੀ ਉਮਰ ਵੀ ਫਿਲਹਾਲ ਕਾਫੀ ਘੱਟ ਹੈ।