ਫਾਜ਼ਿਲਕਾ: ਲਾਲ ਬੱਤੀ ਚੌਕ ਨੇੜੇ ਆਂਡੇ ਦਾ ਸਟਾਲ ਚਲਾਉਣ ਵਾਲੇ ਟੇਕਚੰਦ ਉਰਫ ਬਬਲੀ ਨਾਂ ਦੇ ਵਿਅਕਤੀ ਦੀ ਧੀ ਪ੍ਰਿਅੰਕਾ ਨੂੰ ਪੰਜਾਬ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਸਟਾਲ 'ਤੇ ਆਉਣ ਵਾਲੇ ਲੋਕਾਂ ਨੇ ਬਬਲੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਨੇ ਸਿਰਫ ਫਾਜ਼ਿਲਕਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਹਾਲ ਹੀ 'ਚ ਰਾਜਕੋਟ 'ਚ ਹੋਏ ਪਹਿਲੇ ਮੈਚ 'ਚ ਵੀ ਜਿੱਤ ਦਰਜ ਕੀਤੀ ਹੈ।
ਧੀ ਉੱਤੇ ਮਾਣ, ਕਿਹਾ- ਬਚਪਨ ਤੋਂ ਹੀ ਪ੍ਰਿਅੰਕਾ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਰਿਹਾ
ਜਾਣਕਾਰੀ ਦਿੰਦੇ ਹੋਏ ਪ੍ਰਿਅੰਕਾ ਦੇ ਪਿਤਾ ਟੇਕਚੰਦ ਉਰਫ਼ ਬਬਲੀ ਰੇਵਾੜੀਆ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪ੍ਰਿਅੰਕਾ ਨੂੰ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦਾ ਸ਼ੌਕ ਰਿਹਾ। ਉਸ ਨੂੰ ਫਾਜ਼ਿਲਕਾ ਦੇ ਕੋਚ ਅਰਪਿਤ ਨੇ ਐਸੋਸੀਏਸ਼ਨ ਵੱਲੋਂ ਕ੍ਰਿਕੇਟ ਸਿਖਾ ਕੇ ਪਹਿਲਾਂ ਤੋਂ ਹੀ ਮਾਹਿਰ ਬਣਾਇਆ। ਫ਼ਰੀਦਕੋਟ ਵਿੱਚ ਪੜ੍ਹਦਿਆ ਮੋਗਾ ਕ੍ਰਿਕੇਟ ਐਸੋਸੀਏਸ਼ਨ ਵਿੱਚ ਸ਼ਾਮਲ ਹੋਈ ਜਿਸ ਤੋਂ ਬਾਅਦ ਉਸ ਨੇ ਮੋਗਾ ਕ੍ਰਿਕਟ ਐਸੋਸੀਏਸ਼ਨ, ਬਰਨਾਲਾ ਵਿੱਚ ਆਪਣੀ ਪੜ੍ਹਾਈ ਦੌਰਾਨ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਨਾਲ ਖੇਡ ਕੇ ਖੇਡ ਪ੍ਰਤੀ ਆਪਣਾ ਜਨੂੰਨ ਸਾਬਤ ਕੀਤਾ ਤੇ ਅੱਜ ਉਸ ਦਾ ਜਨੂੰਨ ਉਸ ਨੂੰ ਇਸ ਮੁਕਾਮ ਤੱਕ ਲੈ ਗਿਆ ਹੈ।
ਪ੍ਰਿਅੰਕਾ ਸਾਰੇ ਸ਼ੌਂਕ ਮੁੰਡਿਆ ਵਾਲੇ ਰੱਖਦੀ ਹੈ, ਵਾਲ ਵੀ ਮੁੰਡਿਆਂ ਵਾਂਗ ਕਟਿੰਗ ਕਰਵਾਏ ਹਨ, ਬੁਲਟ ਵੀ ਚਲਾ ਲੈਂਦੀ ਹੈ। ਸਾਡੇ ਪਰਿਵਾਰ ਵਿੱਚ ਕਦੇ ਕਿਸੇ ਨੇ ਕ੍ਰਿਕਟ ਨਹੀ ਖੇਡਿਆ। ਅੱਜ ਧੀ ਨੇ ਪੰਜਾਬ ਕ੍ਰਿਕਟ ਦੀ ਕਪਤਾਨ ਬਣ ਕੇ ਸਾਡਾ ਮਾਣ ਵਧਾਇਆ ਹੈ। ਮੈਂ ਇਹੀ ਕਹਿਣਾ ਚਾਹਾਂਗਾ ਕਿ ਆਪਣੀਆਂ ਧੀਆਂ ਨੂੰ ਪੜ੍ਹਾਓ, ਖਿਡਾਓ ਤੇ ਅੱਗੇ ਵਧਣ ਦਿਓ।
- ਟੇਕਚੰਦ ਉਰਫ਼ ਬਬਲੀ ਰੇਵਾੜੀਆ, ਪ੍ਰਿਅੰਕਾ ਦਾ ਪਿਤਾ
ਪਿਤਾ ਨੇ ਧੀ ਨੂੰ ਹਮੇਸ਼ਾ ਕੀਤਾ ਸਪੋਰਟ
ਪ੍ਰਿਅੰਕਾ ਨੂੰ ਪੰਜਾਬ ਮਹਿਲਾ ਅੰਡਰ-23 ਟੀ-20 ਟੀਮ ਦਾ ਕਪਤਾਨ ਚੁਣਿਆ ਗਿਆ ਹੈ, ਜਿਸ 'ਤੇ ਪਿਤਾ ਨੇ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਧੀ ਪ੍ਰਿਅੰਕਾ ਨੇ ਨਾ ਸਿਰਫ ਫਾਜ਼ਿਲਕਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਿਅੰਕਾ 17 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਣ ਲੱਗ ਗਈ ਸੀ। ਉਸ ਨੇ ਆਪਣੀ ਬੇਟੀ ਨੂੰ ਵੀ ਬਹੁਤ ਸਪੋਰਟ ਕੀਤਾ ਹੈ ਅਤੇ ਉਸ ਦੀ ਮਿਹਨਤ ਸਦਕਾ ਅੱਜ ਉਹ ਪੰਜਾਬ ਟੀਮ ਦੀ ਕਪਤਾਨ ਚੁਣੀ ਗਈ ਹੈ ਜਿਸ 'ਤੇ ਉਸ ਨੂੰ ਬਹੁਤ ਮਾਣ ਹੈ।
ਉੱਥੇ ਹੀ, ਪਿਤਾ ਨੂੰ ਰੇਹੜੀ ਉੱਤੇ ਵਧਾਈਆਂ ਦੇਣ ਪਹੁੰਚੇ ਸਥਾਨਕ ਵਾਸੀਆਂ ਨੇ ਵੀ ਦੱਸਿਆ ਕਿ ਅੱਜ ਉਨ੍ਹਾਂ ਨੂੰ ਵੀ ਬਹੁਤ ਖੁਸ਼ੀ ਹੈ ਕਿ ਪ੍ਰਿਅੰਕਾ ਪੰਜਾਬ ਕ੍ਰਿਕਟ ਟੀਮ ਦੀ ਕਪਤਾਨ ਬਣੀ ਹੈ।