ਰੂਪਨਗਰ: ਇੱਕ ਪਾਸੇ ਜਿਥੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੀ ਮਾਨ ਸਰਕਾਰ ਵਲੋਂ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਉਥੇ ਹੀ ਦੂਜੇ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ 'ਤੇ ਸ਼ਬਦੀ ਨਿਸ਼ਾਨੇ ਸਾਧਦੇ ਹੋਏ, ਸਰਕਾਰ ਦੀ ਇਸ ਕਾਰਗੁਜ਼ਾਰੀ 'ਤੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਮੌਕੇ ਜਿੱਥੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਦੱਸੀਆਂ ਤਾਂ ਇਸ ਮੌਜੂਦਾ ਸਰਕਾਰ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਈ ਖਾਮੀਆਂ ਕੱਢ ਦਿੱਤੀਆਂ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਥਰਮਲ ਪਲਾਂਟ ਦੀ ਖਰੀਦ ਨੂੰ ਲੈਕੇ ਵੀ ਸਵਾਲ ਖੜੇ ਕੀਤੇ ਹਨ।
ਚੰਨੀ ਨੇ ਦੱਸਿਆ ਕਬਾੜ ਦਾ ਵਪਾਰੀ: ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿੱਜੀ ਥਰਮਲ ਪਲਾਂਟ ਜੋ ਲੱਗਭਗ ਬੰਦ ਹੋਣ ਕਿਨਾਰੇ ਸੀ, ਉਸ ਨੂੰ ਖਰੀਦ ਕੇ ਲੋਕਾਂ ਨੂੰ ਸਸਤੇ ਭਾਅ ਦੀ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮਾਨ ਸਰਕਾਰ ਨੂੰ ਕਬਾੜ ਦਾ ਵਪਾਰੀ ਦੱਸਿਆ ਹੈ। ਇਸ ਨੂੰ ਲੈਕੇ ਬੋਲਦਿਆਂ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਿਸ ਥਰਮਲ ਪਲਾਂਟ ਦੀ ਮਸ਼ਿਨਰੀ ਹੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਸੀ, ਉਸ ਨੂੰ ਖਰੀਦ ਕੇ ਸਰਕਾਰ ਨੇ ਮਰਿਆ ਹੋਇਆ ਸੱਪ ਆਪਣੇ ਗਲ ਪਾਇਆ ਹੈ। ਇਸ ਦੇ ਨਾਲ ਹੀ ਚਰਨਜੀਤ ਚੰਨੀ ਨੇ ਤੰਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਕਿ ਸਰਕਾਰ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਬਾੜ ਦਾ ਕੰਮ ਕਰਦੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਕਬਾੜ ਹੋਇਆ ਥਰਮਲ ਪਲਾਂਟ ਖਰੀਦ ਕੇ ਪੰਜਾਬ ਨੂੰ ਆਰਥਿਕ ਬੋਝ ਵੱਲ ਧੱਕਿਆ ਹੈ।
ਸੋਲਰ ਥਰਮਲ ਪਲਾਂਟ ਲਗਾਉਂਦੇ: ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋ ਖਰੀਦੇ ਥਰਮਲ ਪਲਾਂਟ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਸ ਥਰਮਲ ਪਲਾਂਟ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖ਼ਰੀਦਦੀ ਸੀ। ਚੰਨੀ ਨੇ ਕਿਹਾ ਕਿ ਇਸ ਤੋ ਸਸਤਾ ਤਾਂ ਸੋਲਰ ਥਰਪਲ ਪਲਾਂਟ ਲਗਾਇਆ ਜਾ ਸਕਦਾ ਸੀ, ਜਿਸ ਤੋ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਸੀ। ਉਨਾਂ ਕਿਹਾ ਕਿ ਇਸ ਥਰਮਲ ਪਲਾਂਟ ਦੇ ਸਮਝੋਤਿਆ ਨੂੰ ਉਨ੍ਹਾਂ ਦੀ ਸਰਕਾਰ ਦੇ ਸਮੇਂ ਵਿਧਾਨ ਸਭਾ 'ਚ ਰੱਦ ਕੀਤਾ ਗਿਆ ਸੀ, ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਥਰਮਲ ਪਲਾਂਟ ਹੀ ਖਰੀਦ ਲਿਆ।
ਭਾਨਾ ਸਿੱਧੂ ਦੇ ਹੱਕ 'ਚ ਵੀ ਚੁੱਕੀ ਸੀ ਆਵਾਜ਼: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ਐਕਟੀਵਿਸਟ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਉੱਤੇ ਵੀ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਸੀ ਅਤੇ ਜਦੋਂ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਉਸ ਦੇ ਸਮਰਥਕਾਂ ਵੱਲੋਂ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ ਤਾਂ ਉਸੇ ਇਕੱਠ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਸੀ। ਉਸ ਤੋਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਨੂੰ ਉਹਨਾਂ ਦੇ ਘਰ ਦੇ ਅੰਦਰ ਨਜ਼ਰਬੰਦ ਕਰ ਲਿਆ ਗਿਆ ਸੀ। ਇਸ ਦੌਰਾਨ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ