ਚੰਡੀਗੜ੍ਹ: ਪੰਜਾਬੀ ਗੀਤਕਾਰੀ ਤੋਂ ਬਾਅਦ ਹੁਣ ਪਾਲੀਵੁੱਡ ਵਿੱਚ ਵੀ ਬਤੌਰ ਲੇਖਕ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਪ੍ਰੀਤ ਸੰਘਰੇੜੀ, ਜੋ ਹੁਣ ਆਸਟ੍ਰੇਲੀਆਂ ਦਾ ਵਿਸ਼ੇਸ਼ ਦੌਰਾ ਆਰੰਭ ਕਰਨ ਜਾ ਰਹੇ ਹਨ, ਜਿਸ ਦੌਰਾਨ ਉਹ ਉੱਥੋ ਦੇ ਕਈ ਹਿੱਸਿਆਂ ਵਿੱਚ ਆਯੋਜਿਤ ਹੋਣ ਜਾ ਰਹੇ ਸਾਹਿਤਕ ਅਤੇ ਸੰਗੀਤਕ ਪ੍ਰੋਗਰਾਮਾਂ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਗੁਰਨਾਮ ਭੁੱਲਰ ਸਟਾਰਰ ਬਹੁ-ਚਰਚਿਤ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੁਆਰਾ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਲੇਖਕ ਦੇ ਰੂਪ ਵਿੱਚ ਆਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਪ੍ਰੀਤ ਸੰਘਰੇੜੀ, ਜਿੰਨ੍ਹਾਂ ਵੱਲੋਂ ਲਿਖੀ ਇੱਕ ਹੋਰ ਪੰਜਾਬੀ ਫਿਲਮ 'ਮੇਰਾ ਸਵੀਟੂ' ਵੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਵਿੱਚ ਇੱਕ ਵਾਰ ਮੁੜ ਗੁਰਨਾਮ ਭੁੱਲਰ ਹੀ ਲੀਡ ਭੂਮਿਕਾ ਨਿਭਾਉਣਗੇ।
ਆਸਟ੍ਰੇਲੀਆਂ ਵਿਖੇ ਹੋਣ ਜਾ ਰਹੇ ਪ੍ਰੋਗਰਾਮਾਂ ਦਾ ਦੂਸਰੀ ਵਾਰ ਹਿੱਸਾ ਬਣਨ ਜਾ ਰਹੇ ਗੀਤਕਾਰ ਅਤੇ ਲੇਖਕ ਪ੍ਰੀਤ ਸੰਘਰੇੜੀ ਅਨੁਸਾਰ 'ਗੇੜੀ ਵਿਦ ਪ੍ਰੀਤ ਸੰਘਰੇੜੀ' ਟਾਈਟਲ ਅਧੀਨ ਆਸਟ੍ਰੇਲੀਆਂ ਵਿਖੇ ਹੋਣ ਜਾ ਰਹੇ ਉਕਤ ਪ੍ਰੋਗਰਾਮਾਂ 'ਸ਼ਾਇਰੀ ਅਤੇ ਗੀਤ' ਦਾ ਆਯੋਜਨ ਜਨਵਰੀ 2025 ਦੌਰਾਨ ਵੱਡੇ ਪੱਧਰ ਉੱਪਰ ਉੱਥੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਜਾਵੇਗਾ, ਜਿਸ ਸੰਬੰਧਤ ਪ੍ਰਬੰਧਕਾਂ ਵੱਲੋਂ ਤਿਆਰੀਆਂ ਨੂੰ ਕਾਫ਼ੀ ਜੋਸ਼ ਓ ਖਰੋਸ਼ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਪ੍ਰੀਤ ਸੰਘਰੇੜੀ ਅੱਜਕੱਲ੍ਹ ਕੈਨੇਡਾ ਪੁੱਜੇ ਹੋਏ ਹਨ, ਜਿੰਨ੍ਹਾਂ ਵੱਲੋਂ ਲਿਖੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਵੇ ਮੈਂ ਲਵਲੀ ਜਿਹੀ ਲਵਲੀ 'ਚ ਪੜ੍ਹਦੀ' (ਰਵਿੰਦਰ ਗਰੇਵਾਲ-ਸ਼ਿਪਰਾ ਗੋਇਲ), 'ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ' (ਦੀਪ ਢਿੱਲੋਂ ਜੈਸਮੀਨ ਜੱਸੀ), 'ਕਦੇ ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ' (ਲਖਵਿੰਦਰ ਵਢਾਲੀ) ਆਦਿ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ 'ਨਾਨਕਾ ਮੇਲ' ਅਤੇ ਕੁਝ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਉਨ੍ਹਾਂ ਵੱਲੋਂ ਲਿਖੇ ਫਿਲਮੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: