ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਰੰਗਦਾਰੀਆਂ ਅਤੇ ਫਿਰੋਤੀਆਂ ਦੇ ਦੌਰ ਜਾਰੀ ਹਨ। ਉੱਥੇ ਹੀ, ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰਾ ਅਤੇ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾਉਣ ਵਾਲੀ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਵੀ ਕੁਝ ਵਿਅਕਤੀਆਂ ਵੱਲੋਂ ਧਮਕੀ ਭਰੇ ਫੋਨ ਆਏ ਹਨ। ਆਮ ਵਪਾਰੀ ਵੀ ਇਨ੍ਹਾਂ ਬਦਮਾਸ਼ਾਂ ਤੋਂ ਬੇਹਦ ਪ੍ਰੇਸ਼ਾਨ ਹਨ। ਤਾਜ਼ਾ ਮਾਮਲਾ, ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਪਾਰੀ ਨੂੰ ਕੁਝ ਵਿਅਕਤੀਆਂ ਵੱਲੋਂ ਵਾਟਸਐਪ ਉੱਤੇ ਮੈਸੇਜ ਕਰਦੇ ਹੋਏ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਦੋਂ ਵਪਾਰੀ ਨੇ ਫੋਨ ਨਾ ਚੁੱਕਿਆ ਤੇ ਮੈਸੇਦ ਦੇ ਰਿਪਲਾਈ ਨਾ ਕੀਤੇ ਤਾਂ, ਬਦਮਾਸ਼ ਉਸ ਦੀ ਦੁਕਾਨ ਉੱਤੇ ਫਾਇਰਿੰਗ ਕਰ ਕੇ ਚਲੇ ਗਏ।
ਕੁਝ ਦਿਨਾਂ ਤੋਂ ਆ ਰਹੇ ਧਮਕੀ ਭਰੇ ਮੈਸੇਜ ਤੇ ਕਾਲ: ਪੀੜਤ ਵਪਾਰੀ ਸਾਹਿਲ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਵਾਟਸਐਪ ਉੱਤੇ ਲਗਾਤਾਰ ਫੋਨ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਉਹ ਇਗਨੋਰ ਕਰਦੇ ਰਹੇ। ਫਿਰ ਧਮਕੀ ਭਰੇ ਮੈਸੇਜ ਆਏ। ਜਦੋਂ ਫਿਰ ਵੀ ਉਨ੍ਹਾਂ ਮੈਸੇਜ ਨੂੰ ਅਣਗੋਲਿਆ ਕਰ ਦਿੱਤਾ ਤਾਂ, ਕੁਝ ਅਣਪਛਾਤਿਆਂ ਵਲੋਂ ਉਸ ਦੀ ਦੁਕਾਨ ਬਾਹਰ ਫਾਇਰਿੰਗ ਕਰ ਦਿੱਤੀ ਗਈ। ਇਸ ਦੀ ਜਾਣਕਾਰੀ ਦੁਕਾਨ ਨੇੜੇ ਰਹਿੰਦੇ ਉਸ ਦੇ ਦੋਸਤ ਨੇ ਦਿੱਤੀ ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਜੰਡਿਆਲਾ ਪਹੁੰਚੇ, ਤਾਂ ਦੇਖਿਆ ਕਿ ਬੰਦ ਪਈ ਦੁਕਾਨ ਉੱਤੇ ਫਾਇਰਿੰਗ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਲਦ ਹੀ ਇਸ ਉੱਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ ਹੈ, ਤਾਂ ਜੋ ਜਾਨ ਨੂੰ ਖ਼ਤਰਾ ਨਾ ਹੋਵੇ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ: ਫਾਇਰਿੰਗ ਕਰਨ ਆਏ ਨੌਜਵਾਨਾਂ ਦੀਆਂ ਤਸਵੀਰਾਂ ਦੁਕਾਨ ਕੋਲ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਦੋ ਨੌਜਵਾਨ ਮੋਟਰਸਾਈਕਲ ਉੱਤੇ ਆਏ ਅਤੇ ਫਾਇਰਿੰਗ ਕੀਤੀ, ਫਿਰ ਉੱਥੋ ਚਲੇ ਗਏ। ਇਨ੍ਹਾਂ ਮੁਲਜ਼ਮਾਂ ਵਲੋਂ ਮੂੰਹ ਢਕੇ ਹੋਏ ਸਨ। ਇਸ ਮੌਕੇ ਵਪਾਰੀਆਂ ਤੇ ਹੋਰ ਦੁਕਾਨਦਾਰਾਂ ਨੇ ਚਿੰਤਾ ਜਤਾਈ ਕਿ ਜੇਕਰ ਅਜਿਹੇ ਹਾਲਾਤ ਰਹੇ ਤਾਂ, ਆਮ ਵਪਾਰੀ ਕਿੱਥੇ ਜਾਵੇਗਾ।
ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਵਿੱਚ ਬੰਦ ਪਈ ਦੁਕਾਨ ਬਾਹਰ ਫਾਇਰਿੰਗ ਹੋਈ ਹੈ। ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਜਾਂਚ ਸ਼ੁਰੂ ਕੀਤੀ ਗਈ। ਸੀਸੀਟੀਵੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੇ ਪਛਾਣ ਕਰਕੇ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਰਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।