ਅੰਮ੍ਰਿਤਸਰ: ਬੀਤੇ ਸ਼ਨੀਵਾਰ ਗੁਰੂ ਨਗਰੀ ਵਿੱਚ ਪੈਂਦੇ ਪਿੰਡ ਦਬੁਰਜੀ ਵਿੱਚ ਸਵੇਰੇ ਇੱਕ NRI ਦੇ ਘਰ 'ਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਗਈ। ਇਸ ਘਟਨਾ ਵਿੱਚ ਨੌਜਵਾਨ ਨੂੰ ਦੋ ਗੋਲੀਆਂ ਲੱਗੀਆਂ ਸਨ। ਜ਼ਖ਼ਮੀ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ, ਜੋ ਅਮਰੀਕਾ ਰਹਿੰਦਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਘਰ ਆਇਆ ਸੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿੱਚ ਗੋਲੀਆਂ ਮਾਰਨ ਵਾਲੇ 2 ਨੌਜਵਾਨ ਸਾਫ਼ ਦਿਖਾਈ ਦਿੱਤੇ। ਪੁਲਿਸ ਵਲੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕਰ ਕੇ 14 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।
ਮੁਲਜ਼ਮ 14 ਦਿਨ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ: ਹੁਣ ਤੱਕ ਸਾਰੀਆਂ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਅੱਜ ਛੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜ ਵਿਅਕਤੀਆਂ ਦਾ 14 ਦਿਨ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਜਦਕਿ ਬੀਤੇ ਦਿਨੀਂ ਹੁਸ਼ਿਆਰਪੁਰ ਤੋਂ ਫੜੇ ਤਿੰਨ ਸ਼ੂਟਰਾਂ ਦੇ ਵਿੱਚੋਂ ਇੱਕ ਮੁਲਜ਼ਮ ਸੁਖਵਿੰਦਰ ਸਿੰਘ ਸਾਬੇ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਪੁਲਿਸ ਨੂੰ ਮਿਲਿਆ ਹੈ।
ਪੁਲਿਸ ਨੇ ਨਜਾਇਜ਼ ਕਾਬੂ ਕੀਤਾ: ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਇੱਕ ਮੁਲਜ਼ਮ ਨਾਲ ਜਦੋਂ ਮੀਡੀਆ ਨੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪੁਲਿਸ ਨੇ ਨਜਾਇਜ਼ ਹੀ ਉਨ੍ਹਾਂ ਨੂੰ ਕਾਬੂ ਕੀਤਾ ਹੋਇਆ ਹੈ ਅਤੇ ਕਿਸੇ ਵੀ ਤਰੀਕੇ ਦਾ ਸਬੂਤ ਪੁਲਿਸ ਨੂੰ ਸਾਡੇ ਕੋਲੋਂ ਨਹੀਂ ਮਿਲਿਆ।
ਜਾਨੋਂ ਮਾਰਨ ਦੀ ਮਿਲੀ ਸੀ ਧਮਕੀ : ਘਟਨਾ ਵਾਲੇ ਦਿਨ ਪਰਿਵਾਰਕ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਸੀ ਕਿ ਸੁਖਚੈਨ ਦਾ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਸ ਦੀ ਪਹਿਲੀ ਪਤਨੀ ਨੇ 2022 ਵਿੱਚ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ, ਮ੍ਰਿਤਕ ਦੀ ਪਤਨੀ ਦੇ ਮਾਮੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਸੀ। ਜਿਸ 'ਚ ਪੁਲਿਸ ਜਾਂਚ 'ਚ ਸੁਖਚੈਨ ਬੇਕਸੂਰ ਪਾਇਆ ਗਿਆ, ਜਦਕਿ ਸੁਖਚੈਨ ਦੀ ਮਾਂ ਖਿਲਾਫ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਹੈ। ਮਾਮਲਾ ਅਜੇ ਅਦਾਲਤ ਵਿਚ ਸੀ। ਉਸ ਦੇ 2 ਬੱਚੇ ਹਨ, ਜੋ ਸੁਖਚੈਨ ਨਾਲ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸੁਖਚੈਨ ਨੇ ਬਾਅਦ ਵਿੱਚ ਦੂਜਾ ਵਿਆਹ ਕਰਵਾ ਲਿਆ ਸੀ।
ਇੱਕ ਮਹੀਨਾ ਪਹਿਲਾਂ ਉਸ ਦੀ ਪਤਨੀ ਦਾ ਐਕਸੀਡੈਂਟ ਹੋਇਆ ਸੀ: ਦੱਸਿਆ ਗਿਆ ਸੀ ਕਿ ਸੁਖਚੈਨ ਅਮਰੀਕਾ ਰਹਿੰਦਾ ਸੀ। ਅਮਰੀਕਾ ਵਿੱਚ ਉਸਦਾ ਇੱਕ ਭਰਾ ਹੈ। ਪਰ, ਪਹਿਲੀ ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਉਹ ਬੱਚਿਆਂ ਦੀ ਦੇਖਭਾਲ ਲਈ ਕਰੀਬ ਇੱਕ ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਉਹ ਕਈ ਵਾਰ ਕੰਮ ਲਈ ਅਮਰੀਕਾ ਗਿਆ। ਕਰੀਬ ਇੱਕ ਮਹੀਨਾ ਪਹਿਲਾਂ ਉਸ ਦੀ ਦੂਜੀ ਪਤਨੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਸੁਖਚੈਨ ਇੱਕ ਮਹੀਨਾ ਅੰਮ੍ਰਿਤਸਰ ਦੇ ਦਬੁਰਜੀ ਵਿੱਚ ਰਹਿ ਰਿਹਾ ਸੀ। ਘਟਨਾ ਤੋਂ ਬਾਅਦ ਸੁਖਚੈਨ ਨੂੰ ਜਲਦ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।