ਚੰਡੀਗੜ੍ਹ: ਰਣਜੀਤ ਸਿੰਘ ਢੱਡਰੀਆਂਵਾਲਾ ਦੀਆਂ ਮੁਸੀਬਤਾਂ 'ਚ ਵਾਧਾ ਹੋ ਗਿਆ। ਦਰਅਸਲ ਗੁਰਦੁਆਰਾ ਪਰਮੇਸ਼ਰ ਦੁਆਰ ਨੇੜੇ ਕੁੜੀ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਕਤਲ ਅਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਲਗਾਤਾਰ ਪੀੜਤ ਪਰਿਵਾਰ ਵੱਲੋਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਹੁਣ ਪੁਲਿਸ ਨੇ ਮਾਮਲੇ ਸਬੰਧੀ ਐਫਆਈਆਰ ਦਰਜ ਕਰ ਲਈ ਹੈ ਅਤੇ ਇਸ ਸਬੰਧੀ ਹਲਫਨਾਮਾ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਦਰਜ ਕਰਵਾ ਦਿੱਤਾ ਹੈ।
ਕਿੱਥੇ ਦਰਜ ਹੋਈ ਐਫ਼ਆਈਆਰ
ਦੱਸਿਆ ਜਾ ਰਿਹਾ ਕਿ 7 ਦਸੰਬਰ ਨੂੰ ਪਟਿਆਲਾ ਦੇ ਪਸਿਆਣਾ ਪੁਲਿਸ ਥਾਣੇ ’ਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਮਲੇ ’ਚ ਕਾਰਵਾਈ ਨਾ ਕਰਨ ਵਾਲੇ ਐਸਐਚਓ ਅਤੇ ਐਸਪੀ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ 12 ਸਾਲ ਪਹਿਲਾਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਕਾਰਵਾਈ ਨਾ ਕਰਨ ਵਾਲੇ ਐਸਐਚਓ ਅਸ਼ੋਕ ਕੁਮਾਰ ਅਤੇ ਐਸਪੀ ਸੇਵਾ ਸਿੰਘ ਮੱਲ੍ਹੀ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਹੁਣ ਇਸ ਮਾਮਲੇ ’ਤੇ ਭਲਕੇ ਸੁਣਵਾਈ ਹੋਵੇਗੀ।
![RANJIT SINGH DHADRIANWALE](https://etvbharatimages.akamaized.net/etvbharat/prod-images/10-12-2024/23084958__thumbnail_16x9_alopopo.jpg)
ਕੋਰਟ 'ਚ ਦਾਇਰ ਕੀਤਾ ਹਲਫ਼ਨਾਮਾ
ਉਥੇ ਦੂਜੇ ਪਾਸੇ ਡੀਜੀਪੀ ਨੇ ਹਾਈਕੋਰਟ ’ਚ ਦਰਜ ਕਰਵਾਏ ਹਲਫਨਾਮੇ ’ਚ ਦੱਸਿਆ ਹੈ ਕਿ ਉਸ ਸਮੇਂ ਮ੍ਰਿਤਕ ਦੀ ਮਾਂ ਨੇ ਕਿਸੇ ’ਤੇ ਵੀ ਸਵਾਲ ਨਹੀਂ ਚੁੱਕੇ ਸੀ ਅਤੇ ਕੁਝ ਵੀ ਗਲਤ ਹੋਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਮ੍ਰਿਤਕ ਦੀ ਭੈਣ ਨੇ 16 ਜੂਨ 2012 ਤੋਂ 9 ਨਵੰਬਰ 2012 ਦਰਮਿਆਨ ਪੁਲਿਸ ਕੋਲ ਚਾਰ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਸ ਸਮੇਂ ਇੰਸਪੈਕਟਰ ਅਸ਼ੋਕ ਕੁਮਾਰ ਜੋ ਕਿ ਪਸਿਆਣਾ ਥਾਣੇ ਦੇ ਐਸਐਚਓ ਸਨ ਅਤੇ ਸੇਵਾ ਸਿੰਘ ਮੱਲ੍ਹੀ ਜੋ ਡੀਐਸਪੀ ਸਨ, ਉਨ੍ਹਾਂ ਨੇ ਅਗਲੀ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਹੁਣ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਡੀਜੀਪੀ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਇਸ ਘਟਨਾ ਦੇ 10 ਸਾਲ ਬਾਅਦ ਉਦੋਂ ਸਾਹਮਣੇ ਆਇਆ ਜਦੋਂ ਪਟੀਸ਼ਨਰ, ਜੋ ਕਿ ਮ੍ਰਿਤਕ ਦਾ ਭਰਾ ਹੈ, ਉਸ ਨੇ 12 ਦਸੰਬਰ 2023 ਨੂੰ ਸ਼ਿਕਾਇਤ ਕੀਤੀ ਸੀ ਕਿ 8 ਸਤੰਬਰ 2023 ਨੂੰ ਸਮਾਣਾ ਦੀ ਮੰਡੀ ਵਿੱਚੋਂ ਸਬਜ਼ੀ ਖਰੀਦਦੇ ਸਮੇਂ ਉਸ ਨੂੰ ਕੁਝ ਅਣਪਛਾਤੇ ਲੋਕਾਂ ਨੇ ਧਮਕੀ ਦਿੱਤੀ ਸੀ ਕਿ ਉਹ ਇਸ ਮਾਮਲੇ 'ਤੇ ਆਪਣਾ ਮੂੰਹ ਬੰਦ ਰੱਖੇ, ਨਹੀਂ ਤਾਂ ਉਸ ਦਾ ਵੀ ਉਸ ਦੀ ਭੈਣ ਵਰਗਾ ਹਾਲ ਹੋਵੇਗਾ। ਉਸ ਤੋਂ ਬਾਅਦ ਇਸ ਸਾਲ 16 ਅਕਤੂਬਰ ਨੂੰ ਮੁੜ ਤੋਂ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਇਹ ਪਟੀਸ਼ਨ ਹਾਈਕੋਰਟ ਪਹੁੰਚੀ।