ਚੰਡੀਗੜ੍ਹ: ਪੰਜਾਬ ਪੁਲਿਸ ਦਿਨ ਰਾਤ ਇੱਕ ਕਰਕੇ ਸੂਬੇ ਵਿਚ ਚੱਲ ਰਹੇ ਨਸ਼ੇ ਦੇ ਨੈਕਸਨ ਨੂੰ ਤੋੜਨ ਲਈ ਮਿਹਨਤ ਕਰ ਰਹੀ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਜਿਥੇ ਵੱਖ-ਵੱਖ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਤਾਂ ਉਥੇ ਹੀ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰਰਾਜੀ ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਨਸ਼ਾ ਤਸਕਰੀ ਦੀ 'ਵੱਡੀ ਮੱਛੀ' ਨੂੰ ਕਾਬੂ ਕਰਦਿਆਂ ਝਾਰਖੰਡ ਤੋਂ ਚੱਲ ਰਹੇ ਇਸ ਸਿੰਡੀਕੇਟ ਦਾ ਪਰਦਾਫ਼ਾਸ਼ ਕਰ ਦਿੱਤਾ ਹੈ।
ਪੁਲਿਸ ਨੇ 66 ਕਿੱਲੋ ਅਫ਼ੀਮ ਕੀਤੀ ਬਰਾਮਦ: ਇਸ ਦੇ ਨਾਲ ਹੀ ਪੁਲਿਸ ਵਲੋਂ 66 ਕਿੱਲੋ ਅਫ਼ੀਮ ਵੀ ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਇਸ ਨੂੰ ਦਹਾਕੇ ਦੀ ਸਭ ਤੋਂ ਵੱਡੀ ਅਫ਼ੀਮ ਦੀ ਖੇਪ ਦੀ ਬਰਾਮਦਗੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਵੱਖ-ਵੱਖ ਬੈਂਕ ਖ਼ਾਤਿਆਂ ਵਿਚੋਂ 1.86 ਕਰੋੜ ਰੁਪਏ ਵੀ ਜ਼ਬਤ ਕੀਤੇ ਹਨ।
𝐁𝐢𝐠𝐠𝐞𝐬𝐭 𝐎𝐩𝐢𝐮𝐦 𝐑𝐞𝐜𝐨𝐯𝐞𝐫𝐲 𝐨𝐟 𝐭𝐡𝐞 𝐃𝐞𝐜𝐚𝐝𝐞
— DGP Punjab Police (@DGPPunjabPolice) June 28, 2024
Fazilka police busts one of the biggest Interstate Opium smuggling syndicate operating from #Jharkhand with the arrest of #BigFish and effective seizure of 66 Kg Opium and meticulously followed up financial… pic.twitter.com/KFlE4UHvzv
ਦੋ ਨਸ਼ਾ ਤਸਕਰਾਂ ਕੋਲੋਂ ਕਰੋੜਾਂ ਬਰਾਮਦ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਇਕ ਵੱਡੇ ਅੰਤਰਰਾਜੀ ਅਫ਼ੀਮ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਫਾਜ਼ਿਲਕਾ ਪੁਲਿਸ ਨੇ ਝਾਰਖੰਡ ਤੋਂ ਚੱਲਣ ਵਾਲੇ ਇਸ ਗਿਰੋਹ ਦੀ 'ਵੱਡੀ ਮੱਛੀ' ਨੂੰ ਕਾਬੂ ਕਰ ਕੇ 66 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਇਸ ਨਾਲ ਜੁੜੇ 2 ਹੋਰ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 42 ਬੈਂਕ ਖ਼ਾਤਿਆਂ ਵਿਚੋਂ 1.86 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।
ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਪੁਲਿਸ: ਡੀਜੀਪੀ ਨੇ ਅੱਗੇ ਲਿਖਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਅਗਲੇ-ਪਿਛਲੇ ਲਿੰਕ ਖੰਗਾਲੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
ਹੁਣ ਤੱਕ ਇੰਨਾਂ ਨਸ਼ਾ ਹੋ ਚੁੱਕਿਆ ਬਰਾਮਦ: ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਸੂਬੇ ਵਿੱਚ 10 ਥਾਵਾਂ 'ਤੇ 83 ਕਿਲੋਗ੍ਰਾਮ ਹੈਰੋਇਨ, 10,000 ਕਿਲੋ ਭੁੱਕੀ, 100 ਕਿਲੋ ਗਾਂਜਾ, 4.52 ਲੱਖ ਗੋਲੀਆਂ ਅਤੇ ਕੈਪਸੂਲ ਨਸ਼ਟ ਕੀਤੇ ਸਨ। ਇਸ ਤੋਂ ਇਲਾਵਾ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਪੁਲਿਸ ਨੇ ਘੱਟੋ-ਘੱਟ 2700 ਕਿਲੋ ਹੈਰੋਇਨ, 3,450 ਕਿਲੋ ਅਫੀਮ, 1.77 ਲੱਖ ਕਿਲੋ ਭੁੱਕੀ, 1.40 ਕਰੋੜ ਗੋਲੀਆਂ ਤੇ ਗੋਲੀਆਂ ਅਤੇ ਦੋ ਲੱਖ ਟੀਕੇ ਬਰਾਮਦ ਕੀਤੇ ਹਨ।