ਫਿਰੋਜ਼ਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਰਸਤਾ ਰੋਕਣ ਦੇ ਮਾਮਲੇ ਵਿੱਚ ਕਿਸਾਨਾਂ ਉੱਪਰ ਲਗਾਈ ਗਈ ਇਰਾਦਾ ਕਤਲ ਦੀ ਧਾਰਾ ਤੋਂ ਬਾਅਦ ਕਿਸਾਨਾਂ ਨੇ ਐਸਐਸਪੀ ਫਿਰੋਜ਼ਪੁਰ ਦਾ ਦਫ਼ਤਰ ਘੇਰਿਆ। ਕਿਸਾਨਾਂ ਨੇ ਕਿਹਾ ਪੁਲਿਸ ਪ੍ਰਸ਼ਾਸਨ ਨੇ ਨਿਰਦੋਸ਼ ਕਿਸਾਨਾਂ ਉੱਪਰ ਨਜਾਇਜ਼ ਮੁਕੱਦਮੇ ਦਰਜ ਕੀਤੇ ਹਨ। ਜੇਕਰ ਇਹ ਮੁਕੱਦਮੇ ਰੱਦ ਨਾ ਹੋਏ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੋਂ ਬਾਅਦ ਵੱਡਾ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਣਗੇ।
ਪ੍ਰਸਾਸ਼ਨ ਨੂੰ ਚਿਤਾਵਨੀ
ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਰੋਕਣ ਦਾ ਨਹੀਂ ਸੀ। ਉਨ੍ਹਾਂ ਨੇ ਤਾਂ ਸਿਰਫ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਕੇਂਦਰ ਸਰਕਾਰ ਦੇ ਪੁਤਲੇ ਫੂਕਣੇ ਸਨ ਪਰ ਜਿਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਸੀ ਉੱਥੇ ਇਕੱਠ ਹੀ ਨਹੀਂ ਸੀ। ਜਿਸ ਕਰਕੇ ਪ੍ਰਧਾਨ ਮੰਤਰੀ ਖੁਦ ਹੀ ਵਾਪਸ ਚਲੇ ਗਏ। ਕਿਸਾਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਾ ਕਿ ਪ੍ਰਧਾਨ ਮੰਤਰੀ ਉਸ ਰਸਤੇ ਤੋਂ ਆ ਰਹੇ ਨੇ ਜਾਂ ਨਹੀਂ ਪਰ ਉਸ ਦੇ ਬਾਵਜੂਦ ਵੀ ਝੂਠੇ ਪਰਚੇ ਕਿਸਾਨਾਂ ਉੱਪਰ ਦਰਜ ਕੀਤੇ ਗਏ।
ਕੀ ਹੈ ਪੂਰਾ ਮਾਮਲਾ
ਕਿਸਾਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, 5 ਜਨਵਰੀ, 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ ਦੇ ਸਬੰਧ ਵਿੱਚ ਉਨ੍ਹਾਂ ‘ਤੇ ਧਾਰਾ 307 ਲਗਾਏ ਜਾਣ ਦਾ ਵਿਰੋਧ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ, ਸਿਆਸੀ ਤੇ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵਿੱਚ ਸ਼ਾਮਲ ਇਨਕਲਾਬੀ ਯੂਨੀਅਨਾਂ ਨੇ ਇਸ ਮਾਮਲੇ ਵਿੱਚ ਸੰਘਰਸ਼ ਦਾ ਐਲਾਨ ਕੀਤਾ।