ਮਾਨਸਾ: ਪਿਛਲੇ 17 ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਬਾਹਰ ਚੱਲ ਰਹੇ ਕਿਸਾਨਾਂ ਨੇ ਧਰਨੇ ਸਮਾਪਿਤ ਕਰਕੇ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕਿਹਾ ਕਿ ਹੁਣ ਉਹ ਖੁੱਦ ਮੰਡੀਆਂ ਦੇ ਵਿੱਚ ਪਹਿਰੇਦਾਰੀ ਕਰਨਗੇ। ਜੇਕਰ ਕਿਸੇ ਕਿਸਾਨ ਤੋਂ ਕਾਟ ਲਈ ਜਾਂਦੀ ਹੈ ਜਾਂ ਉਸ ਦੇ ਝੋਨੇ ਦੀ ਖਰੀਦ ਨਹੀਂ ਕੀਤੀ ਜਾਂਦੀ ਤਾਂ ਇੰਸਪੈਕਟਰਾਂ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਵਿਧਾਇਕਾਂ ਦੇ ਘਰਾਂ ਦਾ ਘਿਰਾਓ
ਕਿਸਾਨ ਆਗੂ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿਛਲੇ 17 ਦਿਨਾਂ ਤੋਂ ਮਾਨਸਾ ਜ਼ਿਲ੍ਹੇ ਦੇ ਤਿੰਨੋਂ ਵਿਧਾਇਕਾਂ ਦੇ ਘਰਾਂ ਬਾਹਰ ਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਅੱਜ ਇਹਨਾਂ ਧਰਨਿਆਂ ਦੀ ਕਿਸਾਨ ਜਥੇਬੰਦੀ ਵੱਲੋਂ ਸਮਾਪਤੀ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਖਰੀਦ ਅਤੇ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਉਹਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਸੀ ਤਾਂ ਅੱਜ ਉਹ ਘਿਰਾਓ ਸਮਾਪਤ ਕਰ ਦਿੱਤਾ ਗਿਆ ਹੈ।
ਕਿਸਾਨ ਕਰਨਗੇ ਪਹਿਰੇਦਾਰੀ
ਕਿਸਾਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਘਰਾਂ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਕਿਸਾਨ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਪਹਿਰੇਦਾਰੀ ਕਰਨਗੇ ਤਾਂ ਕਿ ਜੇਕਰ ਕਿਸੇ ਕਿਸਾਨ ਤੋਂ ਕਾਟ ਲਈ ਜਾਂਦੀ ਹੈ ਜਾਂ ਫਿਰ ਕਿਸਾਨ ਦੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਉਸ ਦੇ ਖਿਲਾਫ ਇੰਸਪੈਕਟਰ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਮੰਡੀਆਂ ਦੇ ਵਿੱਚੋਂ ਕਿਸਾਨਾਂ ਦੇ ਝੋਨੇ ਦਾ ਦਾਣਾ ਦਾਣਾ ਨਹੀਂ ਖਰੀਦਿਆ ਜਾਂਦਾ ਉਦੋਂ ਤੱਕ ਮੰਡੀਆਂ ਦੇ ਵਿੱਚ ਕਿਸਾਨ ਰੋਜਾਨਾ ਪਹਿਰੇਦਾਰੀ ਕਰਨਗੇ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।