ਮਾਨਸਾ: ਕਣਕ ਦੀ ਫ਼ਸਲ 'ਤੇ ਸੁੰਡੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਕਿਸਾਨ ਕਣਕ ਦੀ ਫ਼ਸਲਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਕਿਸਾਨਾਂ ਵੱਲੋਂ 10 ਏਕੜ ਦੇ ਕਰੀਬ ਕਣਕ ਦੀ ਫਸਲ ਨੂੰ ਵਾਹ ਕੇ ਦੁਬਾਰਾ ਕਣਕ ਦੀ ਬਿਜਾਈ ਕੀਤੀ ਹੈ ਅਤੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ। ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਤੋਂ ਖੇਤਾਂ ਵਿੱਚ ਪਹੁੰਚ ਕੇ ਤੁਰੰਤ ਕਣਕ ਦੀ ਫ਼ਸਲ ਅਤੇ ਸੁੰਡੀ ਦੇ ਪ੍ਰਕੋਪ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਕਣਕ ਦੀ ਫ਼ਸਲ ਨੂੰ ਸੁੰਡੀ ਪੈਣ ਦਾ ਕਾਰਨ ਕਿਸਾਨਾਂ ਵੱਲੋਂ ਕਣਕ ਅਗੇਤੀ ਦੀ ਬਿਜਾਈ ਕਰਨਾ ਹੈ।
ਆਪਣੀ ਫ਼ਸਲ ਨੂੰ ਲੈ ਕੇ ਚਿੰਤਾ ਵਿੱਚ ਕਿਸਾਨ
ਕਣਕ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਅਤੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਬਚਾਉਣ ਦੇ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕਰ ਰਹੇ ਹਨ ਪਰ ਫਿਰ ਵੀ ਕਿਸਾਨਾਂ ਦੀ ਫਸਲ ਖੇਤਾਂ ਦੇ ਵਿੱਚ ਹੀ ਸੁੰਡੀ ਦੇ ਹਮਲੇ ਕਾਰਨ ਖਰਾਬ ਹੋ ਰਹੀ ਹੈ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਕਿਸਾਨਾਂ ਵੱਲੋਂ 10 ਏਕੜ ਦੇ ਕਰੀਬ ਕਣਕ ਦੀ ਫਸਲ ਨੂੰ ਵਾਹ ਕੇ ਦੁਬਾਰਾ ਕਣਕ ਦੀ ਬਿਜਾਈ ਕੀਤੀ ਗਈ ਹੈ। ਇਸ ਕਾਰਨ ਕਣਕ ਦੀ ਫ਼ਸਲ ਸੁੱਕ ਰਹੀ ਹੈ ਤੇ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਾ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਸਿੱਧੀ ਕਣਕ ਦੀ ਬਿਜਾਈ ਕੀਤੀ ਸੀ।
ਰੁਕਣ ਦਾ ਨਾਮ ਨਹੀਂ ਲੈ ਰਿਹਾ ਸੁੰਡੀ ਦਾ ਹਮਲਾ
ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਸਿੱਧੀ ਬਿਜਾਈ ਕੀਤੀ ਗਈ ਸੀ ਪਰ ਕਣਕ 'ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਨੇ ਕਿਹਾ ਕਿ ਵੱਡੀ ਤਾਦਾਦ ਦੇ ਵਿੱਚ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਹੋ ਰਹੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਿਫਾਰਿਸ਼ ਅਨੂਸਾਰ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕੀਤਾ ਗਿਆ ਹੈ ਪਰ ਫਿਰ ਵੀ ਸੁੰਡੀ ਦਾ ਹਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਹੋ ਰਹੀ ਹੈ। ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਅੱਜ ਉਨ੍ਹਾਂ ਨੂੰ ਦੁਬਾਰਾ ਤੋਂ ਆਪਣੀ ਕਣਕ ਦੀ ਫਸਲ ਨੂੰ ਵਾਹ ਕੇ ਬਿਜਾਈ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਜਿੰਨਾ ਛੋਟੇ ਕਿਸਾਨਾਂ ਦਾ ਸੁੰਡੀ ਦੇ ਕਾਰਨ ਨੁਕਸਾਨ ਹੋਇਆ ਹੈ। ਉਨ੍ਹਾਂ ਕਿਸਾਨਾਂ ਦੀ ਖੇਤਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।
ਲਗਾਤਾਰ ਸੁੱਕ ਰਹੀ ਕਣਕ ਦੀ ਫ਼ਸਲ
ਦੱਸ ਦੇਈਏ ਕਿ ਹਰ ਸਾਲ ਕਿਸਾਨ ਆਪਣੇ ਖੇਤ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਰਹੇ ਸਨ ਪਰ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਅੱਗ ਨਾ ਲਗਾਉਣ ਦੀ ਸਲਾਹ ਦੇ ਕੇ ਗਏ ਸਨ। ਜਿਸ ਕਾਰਨ ਉਨ੍ਹਾਂ ਨੇ ਸੁਪਰ ਸੀਡਰ ਦੇ ਨਾਲ ਬਿਨ੍ਹਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਜਾਈ ਕੀਤੀ ਸੀ ਪਰ ਕਣਕ ਦੀ ਫ਼ਸਲ ਉੱਤੇ ਸੁੰਡੀ ਦਾ ਪ੍ਰਕੋਪ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਕਣਕ ਦੀ ਫ਼ਸਲ ਲਗਾਤਾਰ ਸੁੱਕ ਰਹੀ ਹੈ। ਸੁੰਡੀ ਦਾ ਕਾਰਨ ਕਿਸਾਨਾਂ ਵੱਲੋਂ ਅਗੇਤੀ ਕਣਕ ਦੀ ਬਿਜਾਈ ਕਰਨਾ ਹੈ। ਜਿਸ ਲਈ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਕਿਸਾਨਾਂ ਵੱਲੋਂ ਛਿੜਕਾਅ ਕੀਤਾ ਵੀ ਜਾ ਰਿਹਾ ਹੈ।