ਅੰਮ੍ਰਿਤਸਰ,ਤਰਨ ਤਾਰਨ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਜੰਡਿਆਲਾ ਗੁਰੂ ਨੇ ਪੀਐੱਮ ਮੋਦੀ ਅਤੇ ਸੀਐੱਮ ਭਗਵੰਤ ਮਾਨ ਦੇ ਫੂਕੇ ਪੁਤਲੇ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਅਣਹੋਣੀ ਵਰਤਦੀ ਹੈ ਤਾਂ ਅਸੀਂ ਇਸ ਤੋਂ ਤਿੱਖੇ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ। ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਜੰਡਿਆਲਾ ਗੁਰੂ ਦੇ ਆਗੂ ਹਰਮੀਤ ਸਿੰਘ ਧੀਰਕੋਟ ਦੀ ਅਗਵਾਈ ਹੇਠ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪੱਧਰੀ ਸੱਦੇ ’ਤੇ ਜੰਡਿਆਲਾ ਗੁਰੂ ਦੇ ਸਾਹਮਣੇ ਜਲੰਧਰ ਨੈਸ਼ਨਲ ਹਾਈਵੇਅ ’ਤੇ ਦਾਣਾ ਮੰਡੀ ਅੰਮ੍ਰਿਤਸਰ ਵਿਖੇ ਪੁਤਲਾ ਫੂਕਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ 26 ਨਵੰਬਰ ਤੋਂ ਮਰਨ ਵਰਤ ਰੱਖਿਆ ਹੋਇਆ ਹੈ। ਮਰਨ ਵਰਤ ਨੂੰ 18 ਦਿਨ ਹੋ ਗਏ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਅਜੇ ਤੱਕ ਸੁੱਤੀ ਪਈ ਹੈ। ਜਿਸ ਦੇ ਵਿਰੋਧ ਵਿੱਚ ਅੱਜ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾਈ ਸੱਦੇ ’ਤੇ ਮੋਦੀ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ।
'ਕਿਸਾਨ ਮੋਰਚਾ-2 ਕਰਾਂਗੇ ਕਾਮਯਾਬ'
ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਤੱਕ ਪਹੁੰਚਾਉਣ ਲਈ ਮੋਰਚੇ (ਕਿਸਾਨ ਮੋਰਚਾ-2) ਨੂੰ ਕਾਮਯਾਬ ਕਰਨ ਲਈ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਜਾਣ। ਕਿਸਾਨ ਆਗੂ ਨੇ ਕਿਹਾ ਕਿ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਸਰਕਾਰ ਪਹਿਲਾਂ ਵਾਂਗ ਮਰਨ ਵਰਤ ਖਤਮ ਕਰਨ ਲਈ ਅੱਗੇ ਆ ਸਕਦੀ ਹੈ। ਇਸ ਲਈ ਲੋੜ ਹੈ ਕਿ ਅਸੀਂ ਸਾਰੇ ਪਿੰਡਾਂ ਵਿੱਚੋਂ ਗਰੁੱਪ ਬਣਾ ਕੇ ਖਨੌਰੀ ਸਰਹੱਦ ’ਤੇ ਪਹੁੰਚੀਏ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੈਨਾਪਤੀ ਨੇ ਕਿਹਾ ਹੈ ਕਿ ਤੁਸੀਂ ਮੇਰੇ ਪਿੱਛੇ ਚੱਲੋ, ਪਹਿਲਾਂ ਮੈਂ ਸ਼ਹੀਦੀ ਦੇਵਾਂਗਾ।
'ਕਿਸਾਨਾਂ ਉੱਪਰ ਤਸ਼ੱਦਦ ਕਰ ਰਹੀ ਸਰਕਾਰ'
ਦੂਜੇ ਪਾਸੇ ਜ਼ਿਲ੍ਹਾ ਤਰਨ ਤਾਰਨ ਨੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਚੌਂਕ ਬੰਦ ਕਰਕੇ ਕੇਂਦਰ ਸਰਕਾਰ ਅਤੇ ਹਰਿਆਣਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜੋਨ ਪ੍ਰਧਾਨ ਦੀਦਾਰ ਸਿੰਘ ਲਾਖਣਾ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਵੱਡੇ ਪੱਧਰ ਉੱਤੇ ਧਰੋ ਕਰਨ ਵਿੱਚ ਲੱਗੀ ਹੋਈ ਹੈ ਕਿਉਂਕਿ ਇੱਕ ਪਾਸੇ ਕਿਸਾਨ 10 ਮਹੀਨੇ ਤੋਂ ਬਾਰਡਰਾਂ ਉੱਪਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਹਨ, ਉੱਤੋਂ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਉੱਪਰ ਤਸ਼ੱਦਦ ਕਰ ਰਹੀ ਹੈ ਅਤੇ ਇਸੇ ਗੱਲ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਣ ਉੱਤੇ ਬੈਠੇ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਜਬਰਨ ਚੁੱਕਣਾ ਚਾਹੁੰਦੀ ਹੈ, ਉਹਨਾਂ ਕਿਹਾ ਕਿ ਇਸੇ ਰੋਸ ਵਿੱਚ ਅੱਜ ਉਹਨਾਂ ਵੱਲੋਂ ਇਹ ਪੁਤਲਾ ਸਾੜ ਕੇ ਆਪਣਾ ਰੋਸ ਜਾਹਿਰ ਕੀਤਾ ਗਿਆ ਹੈ।
ਇਸੇ ਲੜੀ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਕਿਸਾਨ ਆਗੂ ਅਮੋਲਕਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫੂਕ ਮਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਪਹਿਲਾਂ ਜੰਡਿਆਲਾ ਗੁਰੂ ਬਾਜ਼ਾਰ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ਤੋਂ ਉਪਰੰਤ ਚੌਂਕ ਵਿੱਚ ਪਹੁੰਚ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।