ਮਾਨਸਾ : ਪੰਜਾਬ ਦੇ ਜ਼ਿਲ੍ਹਾ ਮਾਨਸਾ 'ਚ ਬੀਤੀ ਦੇਰ ਰਾਤ ਕਿਸਾਨਾਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਟਕਰਾਅ ਹੋ ਗਿਆ । ਇਸ ਦੌਰਾਨ ਪੁਲਿਸ ਦੇ ਤਿੰਨ ਐਸਐਚਓ ਸਮੇਤ ਕਈ ਕਿਸਾਨ ਆਗੂ ਵੀ ਜ਼ਖਮੀ ਹੋਏ ਹਨ। ਦਰਅਸਲ ਮਾਮਲਾ ਕਿਸਾਨਾਂ ਦੀ ਜ਼ਮੀਨ ਚ ਗੈਸ ਪਾਈਪ ਲਾਈਨ ਪਾਉਣ ਦਾ ਹੈ। ਕਿਸਾਨ ਜਦੋਂ ਰਾਤ ਨੂੰ ਪਿੰਡ ਲੇਲੇਆਣਾ ਵਿਖੇ ਕੂਚ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਕਿਸਾਨ ਅੱਗੇ ਜਾਣ ਦੇ ਲਈ ਜਿੱਦ ਕਰਨ ਲੱਗੇ। ਜਿਸ ਤੋਂ ਬਾਅਦ ਪੁਲਿਸ ਦੇ ਨਾਲ ਪਹਿਲਾਂ ਤਾਂ ਉਹਨਾਂ ਦੀ ਕਾਫੀ ਤਿੱਖੀ ਬਹਿਸ ਹੋਈ।
ਝੜਪ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਟੁੱਟੀਆਂ ਬਾਹਾਂ
ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਇਨੀਂ ਵੱਧ ਗਈ ਕਿ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਤੇ ਕਿਸਾਨਾਂ ਵੱਲੋਂ ਵੀ ਜਵਾਬੀ ਲਾਠੀ ਚਾਰਜ ਕੀਤਾ ਗਿਆ। ਜਿਸ ਦੇ ਵਿੱਚ ਮਾਨਸਾ ਸਿਟੀ ਟੂ ਐਸਐਚਓ, ਮਾਨਸਾ ਸਦਰਾ ਐਸਐਚਓ, ਬੁਢਲਾਡਾ ਐਸਐਚਓ ਅਤੇ ਭਿਖੀ ਐਸਐਚਓ ਸਮੇਤ ਕਈ ਪੁਲਿਸ ਦੇ ਕਰਮਚਾਰੀ ਵੀ ਜਖਮੀ ਹੋਏ ਹਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਹੱਥ ਤੱਕ ਟੁੱਟ ਗਏ ਹਨ, ਜੋ ਕਿ ਇਸ ਸਮੇਂ ਇਲਾਜ ਅਧੀਨ ਹਨ। ਉਥੇ ਹੀ ਇਸ ਦੌਰਾਨ ਕਿਸਾਨਾਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸ ਦਈਏ ਕਿ ਇਹ ਕਿਸਾਨ ਬਠਿੰਡਾ ਜ਼ਿਲੇ ਦੇ ਪਿੰਡ ਲੇਲੇਆਣਾ ਵਿਖੇ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਦੇ ਲਈ ਜਾ ਰਹੇ ਸਨ। ਜਿਨਾਂ ਨੂੰ ਮਾਨਸਾ ਕੈਂਚੀਆਂ ਤੇ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਤਕਰਾਰ ਇੰਨੀ ਵੱਧ ਗਈ ਕਿ ਲਾਠੀ ਚਾਰਜ ਕਰਨਾ ਪਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਕਿਸਾਨਾਂ ਵੱਲੋਂ ਕੋਈ ਵੀ ਸਥਿਤੀ ਸਪਸ਼ਟ ਕਰਨ ਦੇ ਲਈ ਬਿਆਨ ਸਾਹਮਣੇ ਨਹੀਂ ਆਇਆ।
ਕਿਸਾਨਾਂ ਨਾਲ ਬਹਿਸ ਦੀ ਵੀਡੀਓ ਵਾਇਰਲ
ਜ਼ਿਕਰਯੋਗ ਹੈ ਕਿ ਵਾਈਰਲ ਹੋਈ ਵੀਡੀਓ ਵਿੱਚ ਪੁਲਿਸ ਅਤੇ ਕਿਸਾਨਾਂ ਦੀ ਬਹਿਸ ਦੀਆਂ ਅਵਾਜ਼ਾਂ ਆ ਰਹੀਆਂ ਹਨ, ਜਿਸ ਵਿੱਚ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਟੈਕਸ ਨਹੀਂ ਦਿੰਦੇ ਤਾਂ ਉਥੇ ਹੀ ਕਿਸਾਨਾਂ ਵੱਲੋਂ ਪੁਲਿਸ ਨੂੰ ਗੱਦਾਰ ਕਿਹਾ ਜਾ ਰਿਹਾ ਹੈ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਇਸ ਝੜਪ ਦੀ ਪਹਿਲ ਕਿਸ ਪਾਸਿਓਂ ਹੋਈ ਸੀ। ਮਾਮਲੇ ਸਬੰਧੀ ਜਾਂਚ ਜਾਰੀ ਹੈ।
ਸਖ਼ਤ ਸੁਰੱਖਿਆ ਪਹਿਰੇ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਉਣ ਪਹੁੰਚੇ ਸੁਖਬੀਰ ਸਿੰਘ ਬਾਦਲ
ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਸੰਗਰੂਰ ਅਤੇ ਮਾਨਸਾ ਖੇਤਰ ਵਿੱਚ ਪੁਲਿਸ ਵੱਲੋਂ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਪਰ ਕਿਸਾਨ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਾ ਦੇਣ ਕਾਰਨ ਗੈਸ ਪਾਈਪ ਲਾਈਨ ਦਾ ਕੰਮ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਤੈਅ ਰਕਮ ਮੁਤਾਬਿਕ ਸਾਨੂੰ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਦੇ ਚੱਲਦੇ ਉਨ੍ਹਾਂ ਵਲੋਂ ਪਿੰਡ ਲੇਲੇਵਾਲਾ 'ਚ ਮੋਰਚਾ ਲਗਾਇਆ ਹੋਇਆ ਸੀ। ਉਥੇ ਹੀ ਪੁਲਿਸ ਵੱਲੋਂ ਸਾਰੇ ਪਿੰਡ ਨੂੰ ਛਾਉਣੀ 'ਚ ਬਦਲ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਇਹ ਸੰਘਰਸ਼ ਜਾਰੀ ਰਹੇਗਾ।