ਰੂਪਨਗਰ: ਕਿਸਾਨ ਅੰਦੋਲਨ 2.0 ਚੱਲ ਰਿਹਾ ਹੈ ਜਿਸ ਤਹਿਤ ਪੰਜਾਬ ਤੇ ਹੋਰ ਕਈ ਸੂਬਿਆਂ ਤੋਂ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਕੇਂਦਰ ਸਰਕਾਰ ਕੋਲੋਂ ਮੰਨਵਾਉਣ ਲਈ ਦਿੱਲੀ-ਹਰਿਆਣਾ ਸਰਹੱਦ ਉੱਤੇ ਡਟੇ ਹੋਏ ਹਨ। ਇਸ ਕਾਰਨ ਪੰਜਾਬ ਦਾ ਹਰ ਵਰਗ ਕਿਸਾਨਾਂ ਦੀਆਂ ਮੰਗਾਂ ਨੂੰ ਬੇਸ਼ਕ ਜਾਇਜ਼ ਦੱਸ ਰਿਹਾ ਹੈ, ਪਰ ਉਨ੍ਹਾਂ ਦਾ ਨੁਕਸਾਨ ਵੀ ਜ਼ਰੂਰ ਹੋ ਰਿਹਾ ਹੈ। ਇਸ ਬਾਬਤ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਦੇ ਬਾਰਡਰ ਸੀਲ ਹਨ, ਦਿੱਲੀ ਵੱਲ ਦਾ ਗੇੜਾ ਨਹੀਂ ਮਿਲ ਰਿਹਾ ਹੈ ਜਿਸ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ।
ਟੈਕਸੀ ਡਰਾਈਵਰਾਂ ਦਾ ਨੁਕਸਾਨ: ਪੇਸ਼ੇ ਵਜੋਂ ਡਰਾਈਵਰ ਟੈਕਸੀ ਡਰਾਈਵਰ ਸੁਖਦੀਪ ਸਿੰਘ ਤੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਟੈਕਸੀ ਡਰਾਈਵਿੰਗ ਦਾ ਕੰਮ ਕਰ ਰਹੇ ਹਨ। ਪਹਿਲਾਂ ਕੰਮ ਚੰਗਾ ਚੱਲ ਰਿਹਾ ਸੀ, ਫਿਰ ਕੋਰੋਨਾ ਕਾਰਨ ਕੰਮ ਠੱਪ ਹੋ ਗਿਆ। ਹੁਣ ਕਿਹਾ ਕਿ ਉਹ ਕਿਸਾਨਾਂ ਦੇ ਵਿਰੋਧ ਵਿੱਚ ਤਾਂ ਨਹੀਂ ਹਨ, ਪਰ ਹਰਿਆਣਾ ਸਰਕਾਰ ਨੂੰ ਬਾਰਡਰ ਸੀਲ ਨਹੀਂ ਕਰਨੇ ਚਾਹੀਦੇ। ਇਸ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ, ਖਾਸ ਕਰ ਟੈਕਸੀ ਡਰਾਈਵਰਾਂ ਦਾ ਜਿਨ੍ਹਾਂ ਦੀ ਕਮਾਈ ਦਾ ਸਾਧਨ ਇਹੀ ਹੈ।
ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿੱਚ ਪੰਜਾਬ ਤੋਂ ਦਿੱਲੀ ਦੇ ਗੇੜੇ ਮਿਲਦੇ ਹਨ, ਪਰ ਹੁਣ ਸਰਹੱਦਾਂ ਬੰਦ ਹੋਣ ਕਰਕੇ ਉਧਰ ਦਾ ਗੇੜਾ ਨਹੀਂ ਮਿਲ ਰਿਹਾ। ਜੇਕਰ ਜਾਣਾ ਵੀ ਪਵੇ ਤਾਂ ਹੋਰ ਰਾਹ ਲੈਣਾ ਪੈਂਦਾ ਹੈ ਜਿਸ ਨਾਲ ਉੰਨੀ ਕਮਾਈ ਨਹੀਂ ਹੁੰਦੀ ਜਿੰਨਾ ਖ਼ਰਚ ਹੋ ਜਾਂਦਾ ਹੈ।
ਗੁਜ਼ਾਰਾ ਕਰਨਾ ਹੋਇਆ ਮੁਸ਼ਕਲ: ਰਣਜੀਤ ਸਿੰਘ ਦਾ ਕਹਿਣਾ ਹੈ ਕਿ ਹਾਲਾਤ ਖਰਾਬ ਹੋ ਰਹੇ ਹਨ। ਜੇਕਰ ਦਿੱਲੀ ਜਾਣ ਵਾਲਾ ਰਸਤਾ ਜਲਦ ਨਾ ਖੁੱਲਿਆ, ਤਾਂ ਉਸ ਦਾ ਅਸਰ ਆਰਥਿਕ ਤੌਰ ਉੱਤੇ ਪਵੇਗਾ। ਉਨ੍ਹਾਂ ਕਿਹਾ ਕਿ ਸਾਡਾ ਰੋਜ਼ ਦਾ ਖ਼ਰਚ ਕੱਢਣਾ ਵੀ ਮੁਸ਼ਕਲ ਹੋ ਰਿਹਾ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
ਜ਼ਿਲ੍ਹਾ ਟੈਕਸੀ ਯੂਨੀਅਨ ਦੇ ਪ੍ਰਧਾਨ ਸੁਰਜਣ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਤਾਂ ਜੋ ਰਸਤਿਆਂ ਨੂੰ ਖੋਲ੍ਹਿਆ ਜਾ ਸਕੇ। ਰਸਤੇ ਖੁੱਲਣ ਨਾਲ ਉਨ੍ਹਾਂ ਦੇ ਵਪਾਰ ਵੀ ਖੁੱਲ੍ਹਣਗੇ। ਜੋ, ਰਸਤੇ ਫਿਲਹਾਲ ਉਨ੍ਹਾਂ ਵੱਲੋਂ ਦਿੱਲੀ ਜਾਣ ਲਈ ਵਰਤੇ ਜਾ ਰਹੇ ਹਨ, ਉਸ ਨਾਲ ਟੈਕਸੀ ਡਰਾਈਵਰਾਂ ਦਾ ਸਮਾਂ, ਪੈਸਾ ਅਤੇ ਗਾਹਕ ਤਿੰਨੋ ਖ਼ਰਾਬ ਹੋ ਰਹੇ ਹਨ, ਕਿਉਂਕਿ ਤੈਅ ਸਮੇਂ ਉੱਤੇ ਮੰਜਿਲ ਤੱਕ ਪਹੁੰਚਿਆਂ ਨਹੀਂ ਜਾਂਦਾ।
ਉਨ੍ਹਾਂ ਕਿਹਾ ਕਿ ਜੇਕਰ ਰਸਤਾ ਖੁੱਲਾ ਹੋਵੇ ਤਾਂ ਦਿੱਲੀ ਜਾਣ ਲਈ ਪੰਜ ਘੰਟੇ ਲੱਗਦੇ ਹਨ, ਪਰ ਹੁਣ ਅੰਦੋਲਨ ਕਾਰਨ ਜੋ ਹਰਿਆਣਾ ਸਰਕਾਰ ਵੱਲੋਂ ਸੜਕਾਂ ਬੰਦ ਕੀਤੀਆਂ ਗਈਆਂ ਹਨ, ਉਸ ਕਾਰਨ ਪੰਜ ਦੀ ਬਜਾਏ ਸੱਤ ਘੰਟੇ ਲੱਗ ਰਹੇ ਹਨ। ਇਸ ਦਾ ਸਿੱਧਾ ਅਸਰ ਇਹ ਹੈ ਕਿ ਹੁਣ ਤੇਲ ਦੀ ਖ਼ਪਤ ਵੀ ਜਿਆਦਾ ਹੋ ਰਹੀ ਹੈ। ਨਾਲ ਹੀ ਟੋਲ ਪਲਾਜ਼ਿਆਂ ਦੇ ਉੱਤੇ ਵੀ ਖ਼ਰਚਾ ਜਿਆਦਾ ਆ ਰਿਹਾ ਹੈ, ਜੋ ਸਿੱਧਾ ਡਰਾਈਵਰ ਦੀ ਜੇਬ ਵਿੱਚੋਂ ਨਿਕਲ ਰਿਹਾ ਹੈ। ਕਈ ਡਰਾਈਵਰਾਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਤੱਕ ਰੁਕ ਗਈਆਂ ਹਨ, ਕਿਉਂਕਿ ਕਮਾਈ ਹੋਵੇਗੀ ਤਾਂ ਹੀ ਭੁਗਤਾਨ ਸੰਭਵ ਹੋਵੇਗਾ।