ਚੰਡੀਗੜ੍ਹ: ਪੰਜਾਬ 'ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਅੱਜ 3 ਘੰਟੇ ਲਈ ਰੇਲਾਂ ਰੋਕੀਆਂ ਜਾਣਗੀਆਂ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਿਸਾਨ 48 ਥਾਵਾਂ 'ਤੇ ਪਟੜੀਆਂ 'ਤੇ ਬੈਠਣਗੇ। ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਸਾਨ ਜ਼ਿਆਦਾਤਰ ਥਾਵਾਂ ’ਤੇ ਟ੍ਰੈਕ ਜਾਮ ਕਰਨਗੇ। ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ।
ਇੰਨ੍ਹਾਂ ਥਾਵਾਂ 'ਤੇ ਕਿਸਾਨ ਰੋਕਣਗੇ ਰੇਲਾਂ:
- ਜ਼ਿਲ੍ਹਾ ਮੋਗਾ ਵਿੱਚ ਜਿਤਵਾਲ, ਡਗਰੂ,ਮੋਗਾ ਸਟੇਸ਼ਨ
- ਜ਼ਿਲ੍ਹਾ ਫਰੀਦਕੋਟ ਵਿੱਚ ਫ਼ਰੀਦਕੋਟ ਸਟੇਸ਼ਨ
- ਜ਼ਿਲ੍ਹਾ ਗੁਰਦਾਸਪੁਰ ਵਿੱਚ ਪਲੇਟਫਾਰਮ ਕਾਦੀਆਂ, -ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ
- ਜ਼ਿਲ੍ਹਾ ਜਲੰਧਰ ਵਿੱਚ ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ
- ਜ਼ਿਲ੍ਹਾ ਪਠਾਣਕੋਟ ਵਿੱਚ ਪਰਮਾਨੰਦ ਪਲੇਟਫਾਰਮ
- ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ ਤੇ ਮਾਹਿਲਪੁਰ
- ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟੈਂਕਾਂ ਵਾਲੀ, ਜਗਰਾਉਂ
- ਜ਼ਿਲ੍ਹਾ ਲੁਧਿਆਣਾ ਵਿੱਚ ਸਾਹਨੇਵਾਲ
- ਜ਼ਿਲ੍ਹਾ ਪਟਿਆਲਾ ਵਿੱਚ ਰੇਲਵੇ ਸਟੇਸ਼ਨ ਪਟਿਆਲਾ, ਸ਼ੰਬੂ ਸਟੇਸ਼ਨ
- ਜ਼ਿਲ੍ਹਾ ਮੁਹਾਲੀ ਵਿੱਚ ਰੇਲਵੇ ਸਟੇਸ਼ਨ 11 ਫੇਸ ਮੁਹਾਲੀ
- ਜ਼ਿਲ੍ਹਾ ਸੰਗਰੂਰ ਵਿੱਚ ਸੁਨਾਮ
- ਜ਼ਿਲ੍ਹਾ ਮਲੇਰਕੋਟਲੇ ਵਿੱਚ ਅਹਿਮਦਗੜ੍ਹ
- ਜ਼ਿਲ੍ਹਾ ਮਾਨਸਾ ਵਿੱਚ ਮਾਨਸਾ ਮੇਨ, ਬਰੇਟਾ
- ਜ਼ਿਲ੍ਹਾ ਰੂਪ ਨਗਰ ਵਿਚ ਰੇਲਵੇ ਸਟੇਸ਼ਨ ਰੂਪ ਨਗਰ
- ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ ਰਮਦਾਸ, ਜਹਾਂਗੀਰ, ਝੰਡੇ
- ਜ਼ਿਲ੍ਹਾ ਫਾਜ਼ਿਲਕਾ ਵਿੱਚ ਰੇਲਵੇ ਸਟੇਸ਼ਨ
- ਜ਼ਿਲ੍ਹਾ ਤਰਨ ਤਾਰਨ ਵਿੱਚ ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨਤਾਰਨ
- ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬਹਿਰਾਮ
- ਜ਼ਿਲ੍ਹਾ ਬਠਿੰਡਾ ਵਿੱਚ ਰਾਮਪੁਰਾ
- ਜ਼ਿਲ੍ਹਾ ਕਪੂਰਥਲਾ ਵਿੱਚ ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ
- ਜ਼ਿਲ੍ਹਾ ਮੁਕਤਸਰ ਵਿੱਚ ਮਲੋਟ
ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ
ਇਸੇ ਦੌਰਾਨ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਹੰਗਾਮੀ ਮੀਟਿੰਗ ਸੱਦੀ ਹੈ। ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਸ਼ਾਮ 7 ਵਜੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਹੈ। ਭਾਵੇਂ ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਹਾਈ ਪਾਵਰ ਕਮੇਟੀ ਨੂੰ ਕਿਸਾਨਾਂ ਦੀ ਨਾਂਹ
ਦੂਜੇ ਪਾਸੇ ਹਾਈ ਪਾਵਰ ਕਮੇਟੀ ਨੇ ਅੱਜ ਹੀ ਕਿਸਾਨਾਂ ਨੂੰ ਪੰਚਕੂਲਾ ਵਿੱਚ ਮੀਟਿੰਗ ਲਈ ਬੁਲਾਇਆ ਸੀ ਪਰ ਕਿਸਾਨਾਂ ਨੇ ਕਮੇਟੀ ਨੂੰ ਪੱਤਰ ਲਿਖ ਕੇ ਮੀਟਿੰਗ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਕੇਂਦਰ ਸਰਕਾਰ ਨਾਲ ਹੀ ਗੱਲ ਕਰਨਗੇ।
ਡੱਲੇਵਾਲ ਨੂੰ ਸਾਈਲੈਂਟ ਅਟੈਕ ਦਾ ਖਤਰਾ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 23ਵਾਂ ਦਿਨ ਹੈ। ਸਿਹਤ ਵਿਗੜਨ ਕਾਰਨ ਉਹ ਮੰਗਲਵਾਰ ਨੂੰ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ। ਡਾਕਟਰਾਂ ਅਨੁਸਾਰ ਡੱਲੇਵਾਲ ਦਾ ਲੀਵਰ ਅਤੇ ਗੁਰਦੇ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੀ ਨਜ਼ਰ ਵਿਚ ਵੀ ਫ਼ਰਕ ਪਿਆ ਹੈ। ਚਿਹਰੇ ਦਾ ਰੰਗ ਫਿੱਕਾ ਪੈ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕੁਝ ਨਹੀਂ ਖਾ ਰਹੇ ਹਨ। ਇਸ ਕਾਰਨ ਸਾਈਲੈਂਟ ਅਟੈਕ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ।
ਮੰਗਲਵਾਰ ਨੂੰ ਜਥੇਦਾਰ ਸਣੇ ਇੰਨ੍ਹਾਂ ਨੇ ਕੀਤੀ ਮੁਲਾਕਾਤ
ਮੰਗਲਵਾਰ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਡੀਸੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਕਿਸਾਨਾਂ ਨੇ 16 ਨੂੰ ਕੱਢਿਆ ਟਰੈਕਟਰ ਮਾਰਚ
ਕਿਸਾਨ ਅੰਦੋਲਨ ਦੇ ਸਮਰਥਨ ਵਿੱਚ 16 ਦਸੰਬਰ ਨੂੰ ਹਰਿਆਣਾ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨਾਂ ਨੇ ਹਿਸਾਰ, ਸੋਨੀਪਤ, ਚਰਖੀ ਦਾਦਰੀ, ਸਿਰਸਾ, ਫਤਿਹਾਬਾਦ, ਕੈਥਲ ਅਤੇ ਅੰਬਾਲਾ ਵਿੱਚ ਟਰੈਕਟਰ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਮਿੰਨੀ ਸਕੱਤਰੇਤ ਪਹੁੰਚ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ।
ਹਰਿਆਣਾ ਪੁਲਿਸ ਨੇ ਨਹੀਂ ਜਾਣ ਦਿੱਤੇ ਕਿਸਾਨ ਦਿੱਲੀ
ਕਿਸਾਨਾਂ ਨੇ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ, ਪਰ ਹਰਿਆਣਾ ਪੁਲਿਸ ਨੇ ਤਿੰਨੋਂ ਵਾਰ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਜਲ ਤੋਪਾਂ ਦੀ ਵੀ ਵਰਤੋਂ ਕੀਤੀ ਗਈ। ਕਈ ਕਿਸਾਨ ਜ਼ਖਮੀ ਹੋ ਗਏ।
- ਰੁਲਦੂ ਸਿੰਘ ਮਾਨਸਾ ਨੇ ਚੁੱਕੇ ਡੱਲੇਵਾਲ ਅਤੇ ਪੰਧੇਰ 'ਤੇ ਸਵਾਲ, ਜਥੇਬੰਦੀਆਂ ਨੇ ਵੀ ਦਿੱਤਾ ਜਵਾਬ, ਸੁਣੋ ਤਾਂ ਜਰਾ ਕੀ ਕਿਹਾ...
- ਜਾਰਜੀਆ ਦੇ ਰੈਸਟੋਰੈਂਟ ਅੰਦਰ ਮ੍ਰਿਤ ਪਾਏ ਗਏ ਭਾਰਤੀਆਂ 'ਚ ਇੰਨ੍ਹਾਂ ਪਿੰਡਾਂ ਦੇ ਨੌਜਵਾਨ ਸ਼ਾਮਿਲ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ
- ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ਕਿਸਾਨਾਂ ਨੂੰ ਮਿਲੇਗੀ MSP ਦੀ ਗਰੰਟੀ ਤੇ ਲਾਗੂ ਹੋਵੇਗੀ ਸਵਾਮੀਨਾਥਨ ਰਿਪੋਰਟ!