ਲੁਧਿਆਣਾ: ਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਪੜਾਅ-ਦਰ-ਪੜਾਅ ਵੋਟਿੰਗ ਹੋਣੀ ਹੈ। ਜੇਕਰ ਗੱਲ ਮਹਿਲਾਵਾਂ ਦੀ ਰਾਜਨੀਤੀ ਵਿੱਚ ਸ਼ਮੂਲੀਅਤ ਦੀ ਕੀਤੀ ਜਾਵੇ, ਤਾਂ ਦੇਸ਼ ਦੇ ਵਿੱਚ ਅੱਧੀ ਵਸੋਂ ਮਹਿਲਾਵਾਂ ਦੀ ਹੋਣ ਦੇ ਬਾਵਜੂਦ ਰਾਜਨੀਤੀ ਵਿੱਚ ਇੱਕ ਤਿਹਾਈ ਵਸੋਂ ਵੀ ਮਹਿਲਾਵਾਂ ਦੀ ਨਹੀਂ ਹੈ, ਜੋ ਕਿ ਦੇਸ਼ ਦੀਆਂ ਮਹਿਲਾਵਾਂ ਨੂੰ ਹੇਠਲੇ ਅਤੇ ਉਤਲੇ ਸਦਨ ਵਿੱਚ ਅਗਵਾਈ ਕਰਦੀ ਹੋਵੇ। ਮਹਿਲਾਵਾਂ ਦੀ ਰਾਜਨੀਤੀ ਵਿੱਚ ਸਰਗਰਮੀਆਂ ਨੂੰ ਲੈ ਕੇ ਅਕਸਰ ਹੀ ਸਵਾਲ ਉੱਠਦੇ ਰਹੇ ਹਨ। ਵੱਖ-ਵੱਖ ਸਰਕਾਰਾਂ ਵੇਲ੍ਹੇ ਇਹ ਵੀ ਦਾਅਵੇ ਕੀਤੇ ਗਏ ਕਿ ਮਹਿਲਾਵਾਂ ਨੂੰ ਲੋਕ ਸਭਾ ਵਿੱਚ ਇੱਕ ਤਿਹਾਈ ਰਾਖਵਾਂਕਰਨ ਦਿੱਤਾ ਜਾਵੇਗਾ, ਪਰ ਇਸ ਦੇ ਬਾਵਜੂਦ ਅੱਜ ਤੱਕ ਅਜਿਹੇ ਵਾਅਦੇ ਪੂਰੇ ਨਹੀਂ ਹੋ ਸਕੇ ਹਨ।
ਅਜਿਹੀ ਹੀ ਇੱਕ ਮਹਿਲਾ ਲੁਧਿਆਣਾ ਦੀ ਰਜਿੰਦਰ ਕੌਰ ਬੁਲਾਰਾ ਹੈ, ਜੋ ਕਿ ਲੁਧਿਆਣਾ ਦੀ ਹੁਣ ਤੱਕ ਦੀ ਇਕਲੌਤੀ ਮਹਿਲਾ ਸੰਸਦ ਮੈਂਬਰ ਰਹੀ ਹੈ, ਉਹ ਵੀ ਉਸ ਸਮੇਂ ਵਿੱਚ ਜਿਸ ਨੂੰ ਪੰਜਾਬ ਦਾ ਕਾਲਾ ਦੌਰ ਕਿਹਾ ਜਾਂਦਾ ਹੈ।
1989 ਵਿੱਚ ਬਣੀ ਐਮਪੀ: ਬੀਬੀ ਰਜਿੰਦਰ ਕੌਰ ਬੁਲਾਰਾ ਨਵੰਬਰ 1989 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੀ। ਉਸ ਵੇਲ੍ਹੇ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦੀਆਂ 13 ਵਿੱਚੋਂ 11 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਲੁਧਿਆਣਾ ਦੀ ਸੀਟ ਵੀ ਅਹਿਮ ਸੀ, ਜੋ ਕਿ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਰਜਿੰਦਰ ਪਾਲ ਸਿੰਘ ਦੀ ਪਤਨੀ ਸੀ। ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚੋਂ ਹੀ ਬੀਬੀ ਦੀ ਟਿਕਟ ਦਾ ਐਲਾਨ ਕੀਤਾ ਸੀ ਅਤੇ ਪਤੀ ਦੀ ਮੌਤ ਤੋਂ ਮਹਿਜ਼ ਸੱਤ ਮਹੀਨੇ ਬਾਅਦ ਹੀ ਪਾਰਟੀ ਵੱਲੋਂ ਜਦੋਂ ਬੀਬੀ ਨੂੰ ਐਮਪੀ ਚੋਣ ਲੜਨ ਦਾ ਹੁਕਮ ਲਗਾਇਆ ਗਿਆ, ਤਾਂ ਪਰਿਵਾਰ ਅਤੇ ਉਹ ਖੁਦ ਵੀ ਹੈਰਾਨ ਰਹਿ ਗਏ।
ਵੱਡੀ ਲੀਡ ਨਾਲ ਜਿੱਤ: ਬੀਬੀ ਰਜਿੰਦਰ ਕੌਰ ਬੁਲਾਰਾ ਵੱਲੋਂ ਕਾਂਗਰਸ ਦੇ ਉਮੀਦਵਾਰ ਗੁਰਚਰਨ ਗਾਲਿਬ ਅਤੇ ਅਕਾਲੀ ਦਲ ਦੇ ਉਮੀਦਵਾਰ ਜਸਦੇਵ ਸਿੰਘ ਜੱਸੋਵਾਲ ਨੂੰ ਵੱਡੇ ਮਾਰਜਨ ਦੇ ਨਾਲ ਹਰਾਇਆ ਸੀ। ਕਾਂਗਰਸ ਦੇ ਗਾਲਿਬ ਨੂੰ ਰਜਿੰਦਰ ਕੋਰ ਬੁਲਾਰਾ ਨੇ 1 ਲੱਖ, 33 ਹਜ਼ਾਰ ਵੋਟਾਂ ਨਾਲ ਮਾਤ ਦਿੱਤੀ ਸੀ। ਹੁਣ ਤੱਕ ਸਭ ਤੋਂ ਵੱਧ ਲੀਡ ਦੇ ਨਾਲ ਜਿੱਤਣ ਵਾਲੀ ਉਹ ਮਹਿਲਾ ਮੈਂਬਰ ਪਾਰਲੀਮੈਂਟ ਰਹੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਤੀ ਦਾ ਦੇਹਾਂਤ ਹੋਇਆ ਤਾਂ ਉਹ ਸਿਆਸਤ ਵਿੱਚ ਕੋਈ ਬਹੁਤੇ ਸਰਗਰਮ ਨਹੀਂ ਸਨ, ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਰੂਰ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ। ਉਨ੍ਹਾਂ ਨੇ ਬੀਏ ਬੀਐਡ ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਘਰ ਵਿੱਚ ਹੀ ਰਹਿੰਦੇ ਸੀ, ਪਰ ਜਦੋਂ ਕਾਲੇ ਦੌਰ ਵਿੱਚ ਉਨ੍ਹਾਂ ਦੇ ਪਤੀ ਨੂੰ ਮਾਰ ਦਿੱਤਾ ਗਿਆ, ਤਾਂ ਉਨ੍ਹਾਂ ਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਵਿਸ਼ਵਾਸ ਜਤਾਇਆ ਗਿਆ ਤੇ ਉਨ੍ਹਾਂ ਨੇ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਈ।
ਮਿਲੀ ਧਮਕੀਆਂ, ਪਰਿਵਾਰ ਦਾ ਸਾਥ ਰਿਹਾ: ਰਜਿੰਦਰ ਕੌਰ ਬੁਲਾਰਾ ਪੰਜਾਬ ਦੇ ਉਸ ਦੌਰ ਵਿੱਚ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣੀ ਜਿਸ ਨੂੰ ਪੰਜਾਬ ਦੇ ਕਾਲੇ ਦੌਰ ਵਜੋ ਵੀ ਜਾਣਿਆ ਜਾਂਦਾ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਪੂਰੇ ਸਿਖਰਾਂ 'ਤੇ ਸੀ ਅਤੇ ਪੁਲਿਸ ਅਤੇ ਅੱਤਵਾਦ ਦੇ ਵਿਚਕਾਰ ਇੱਕ ਵੱਖਰੀ ਜੰਗ ਛਿੜੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ, ਤਾਂ ਮਹਿਜ਼ ਚਾਰ ਲੋਕ ਹੀ ਉਨ੍ਹਾਂ ਨਾਲ ਮੌਜੂਦ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਜਾਣ ਤੋਂ ਬਾਅਦ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ।
ਰਜਿੰਦਰ ਬੁਲਾਰਾ ਨੇ ਦੱਸਿਆ ਕਿ ਇੱਕ ਵਾਰ ਤਾਂ ਉਨ੍ਹਾਂ ਵੱਲੋਂ ਵੀ ਮਨ ਬਣਾ ਲਿਆ ਗਿਆ ਕਿ ਉਹ ਆਪਣੇ ਨਾਮਜ਼ਦਗੀ ਵਾਪਸ ਲੈ ਲੈਣਗੇ, ਪਰ ਪਰਿਵਾਰ ਅਤੇ ਉਨ੍ਹਾਂ ਦੇ ਬੱਚਿਆਂ ਨੇ ਕਿਹਾ ਕਿ ਹੁਣ ਪਿੱਛੇ ਨਹੀਂ ਹੱਟਣਾ, ਤਾਂ ਉਹ ਡੱਟ ਕੇ ਚੋਣ ਮੈਦਾਨ ਵਿੱਚ ਨਾ ਸਿਰਫ ਉੱਤਰੇ, ਸਗੋਂ ਆਪਣੇ ਵਿਰੋਧੀਆਂ ਨੂੰ ਵੱਡੀ ਲੀਡ ਨਾਲ ਮਾਤ ਦਿੱਤੀ ਅਤੇ ਲੋਕ ਸਭਾ ਵਿੱਚ ਪਹੁੰਚੇ। ਰਜਿੰਦਰ ਕੌਰ ਬੁਲਾਰਾ ਨੇ ਦੱਸਿਆ ਕਿ ਉਸ ਵੇਲੇ ਤਨਖਾਹ ਵੀ ਕਾਫੀ ਘੱਟ ਹੁੰਦੀ ਸੀ ਅਤੇ ਮੈਂਬਰ ਪਾਰਲੀਮੈਂਟ ਨੂੰ ਕੋਈ ਵੱਖਰਾ ਫੰਡ ਵੀ ਨਹੀਂ ਮਿਲਿਆ ਕਰਦਾ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਵਿਕਾਸ ਦੇ ਕਾਫੀ ਕੰਮ ਕੀਤੇ।
ਮਹਿਲਾਵਾਂ ਲਈ ਪ੍ਰੇਰਨਾ: ਬੀਬੀ ਰਜਿੰਦਰ ਕੌਰ ਬੁਲਾਰਾ ਮਹਿਲਾਵਾਂ ਲਈ ਵੱਡੀ ਪ੍ਰੇਰਨਾ ਹੈ। ਉਹ ਉਸ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਅੰਦਰ ਸਰਗਰਮ ਹੋ ਕੇ ਦੇਸ਼ ਦੀ ਲੋਕ ਸਭਾ ਵਿੱਚ ਦਾਖਲ ਹੋਈ, ਜਦੋਂ ਘਰਾਂ ਚੋਂ ਲੋਕ ਵੋਟ ਪਾਉਣ ਲਈ ਨਿਕਲਣ ਤੋਂ ਵੀ ਕਤਰਾਉਂਦੇ ਸਨ। ਪੰਜਾਬ ਦੇ ਕਾਲੇ ਦੌਰ ਦੇ ਸੰਤਾਪ ਨੂੰ ਉਨ੍ਹਾਂ ਨੇ ਆਪਣੇ ਪਿੰਡੇ ਉੱਤੇ ਹੰਢਾਇਆ। ਆਪਣੇ ਪਤੀ ਦੀ ਮੌਤ ਹੋ ਜਾਣ ਦੇ ਬਾਵਜੂਦ ਨਾ ਸਿਰਫ ਪਰਿਵਾਰ ਨੂੰ ਸੰਭਾਲਿਆ, ਸਗੋਂ ਸਿਆਸਤ ਵਿੱਚ ਵੀ ਪੈਰ ਧਰ ਕੇ ਲੁਧਿਆਣਾ ਦੀ ਅਤੇ ਪੰਜਾਬ ਦੀ ਲੋਕ ਸਭਾ ਵਿੱਚ ਅਗਵਾਈ ਕੀਤੀ।
ਰਾਜਨੀਤੀ ਵਿੱਚ ਮਹਿਲਾਵਾਂ: ਰਜਿੰਦਰ ਕੌਰ ਨੇ ਕਿਹਾ ਕਿ ਅੱਜ ਕੱਲ੍ਹ ਦੀਆਂ ਮਹਿਲਾਵਾਂ ਸਿਆਸਤ ਤੋਂ ਦੂਰ ਹੋ ਰਹੀਆਂ ਹਨ ਜਿਸ ਦਾ ਵੱਡਾ ਕਾਰਨ ਮਰਦ ਪ੍ਰਧਾਨ ਸਮਾਜ ਹੈ, ਜੋ ਉਨ੍ਹਾਂ ਨੂੰ ਅੱਗੇ ਹੀ ਨਹੀਂ ਆਉਣ ਦਿੰਦਾ। ਉਨ੍ਹਾਂ ਕਿਹਾ ਕਿ ਸਾਡੀ ਵਸੋ ਦੇ ਮੁਤਾਬਿਕ ਸਾਡੀ ਅਗਵਾਈ ਕਰਨ ਵਾਲੀਆਂ ਸਿਆਸਤਦਾਨ ਮਹਿਲਾਵਾਂ ਦੀ ਵੱਡੀ ਕਮੀ ਹੈ ਜਿਸ ਵੱਲ ਗੌਰ ਫਰਮਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉਸ ਵੇਲ੍ਹੇ ਚੁਣ ਕੇ ਦੇਸ਼ ਦੀ ਲੋਕ ਸਭਾ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਹੈ, ਤਾਂ ਅੱਜ ਦੇ ਸਮੇਂ ਦੇ ਵਿੱਚ ਤਾਂ ਹਾਲਾਤ ਕਾਫੀ ਸੁਖਾਲੇ ਹਨ। ਮਹਿਲਾਵਾਂ ਦੀ ਸ਼ਮੂਲੀਅਤ ਰਾਜਨੀਤੀ ਵਿੱਚ ਵਧਣੀ ਜਰੂਰੀ ਹੈ ਅਤੇ ਸਮੇਂ ਦੀ ਲੋੜ ਵੀ ਹੈ।