ਫਰੀਦਕੋਟ : ਪੰਜਾਬ 'ਚ ਆਏ ਦਿਨ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ ਦੀਆਂ ਸਾਹਮਣੇ ਆਉਂਦੀਆਂ ਹਨ।ਅਜਿਹੀ ਖ਼ਬਰ ਅੱਜ ਫਰੀਦਕੋਟ ਤੋਂ ਸਾਹਮਣੇ ਆਈ ਜਦੋਂ ਦੁਪਿਹਰ ਸਮੇਂ ਫਰੀਦਕੋਟ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ । ਇਸ ਮੁਕਾਬਲੇ ਵਿੱਚ 3 ਗੈਂਗਸਟਰ ਜਖਮੀਂ ਹੋਏ ਹਨ। ਜਦਕਿ ਇਹਨਾਂ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋਇਆ। ਜ਼ਖ਼ਮੀ ਗੈਂਸਗਟਰਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
ਕਿਸ ਗੈਂਗ ਨਾਲ ਰੱਖਦੇ ਨੇ ਸਬੰਧ: ਸੂਤਰਾਂ ਦੀ ਮੰਨੀਏ ਤਾਂ ਇਹ ਤਿੰਨੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਦੱਸੇ ਜਾ ਰਹੇ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਫੜ੍ਹੇ ਗਏ ਗੈਂਗਸਟਰਾਂ ਤੋਂ ਅਸਲਾ ਵੀ ਬ੍ਰਾਮਦ ਹੋਇਆ ਹੈ।ਇਸ ਬਾਰੇ ਗੱਲਬਾਤ ਕਰਦਿਆਂ ਫਰੀਦਕੋਟ ਦੇ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੀ ਪੁਲਿਸ ਪਾਰਟੀ ਇੱਕ ਸੂਹ ਦੇ ਅਧਾਰ 'ਤੇ ਮਾੜੇ ਅਨਸਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਚਾਰ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਪੁਲਿਸ ਪਾਰਟੀ 'ਤੇ ਸਿੱਧੀ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਪੁਲਿਸ ਮੁਲਾਜਮਾਂ ਦੀ ਜਵਾਬੀ ਕਾਰਵਾਈ ਦੌਰਾਨ 3 ਨੌਜਵਾਨ ਜਖਮੀਂ ਹੋ ਗਏ ਅਤੇ ਇਹਨਾਂ ਦਾ ਇਕ ਸਾਥੀ ਮੋਟਰਸਾਇਕਲ 'ਤੇ ਸਵਾਰ ਹੋ ਕੇ ਭੱਜਣ ਵਿਚ ਕਾਮਯਾਬ ਰਿਹਾ।
ਜਾਂਚ ਜਾਰੀ: ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਿਉਂ ਕੀਤੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾ ਅਸੀਂ ਇਹਨਾਂ ਜਖਮੀਂ ਹੋਏ ਨੌਜਵਾਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤਾਂ ਜੋ ਇਹਨਾਂ ਨੂੰ ਡਾਕਟਰੀ ਸਹਾਇਤਾ ਮਿਲ ਸਕੇ ਅਤੇ ਇਸ ਤੋਂ ਬਾਅਦ ਇਹਨਾਂ ਤੋਂ ਪੁਛਗਿੱਛ ਕੀਤੀ ਜਾਵੇ । ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਹਾਲੇ ਇਹਨਾਂ ਤੋਂ ਪੁਛਗਿੱਛ ਨਹੀਂ ਕੀਤੀ ਗਈ। ਇਸ ਲਈ ਹਾਲੇ ਇਹਨਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਗੈਂਗਸਟਰ ਹਨ ਜਾਂ ਕਿਹੜੇ ਗਰੁੱਪ ਨਾਲ ਸੰਬੰਧਿਤ ਹਨ।
ਫੜੇ ਗਏ ਗੈਂਗਸਟਰ ਕੌਣ ਹਨ: ਜੇਕਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਫੜ੍ਹੇ ਗਏ ਤਿੰਨਾਂ ਨੌਜਵਾਨਾਂ ਵਿੱਚ ਇਕ ਸੰਜੀਵ ਕੁਮਾਰ ਨਾਮ ਦਾ ਨੌਜਵਾਨ ਜੋ ਪਾਣੀਪਤ ਹਰਿਆਣਾ ਦਾ ਹੈ। ਉਹ ਗੋਲਡੀ ਬਰਾੜ ਗੈਂਗ ਦਾ ਗੁਰਗਾ ਦੱਸਿਆ ਜਾ ਰਿਹਾ ਹੈ।ਬਾਕੀ ਦੋ ਨੌਜਵਾਨ ਰਣਜੀਤ ਅਤੇ ਜਸ਼ਨਦੀਪ ਕੋਟਕਪੂਰਾ ਦੇ ਪਿੰਡ ਵਾੜਾ ਦਰਾਕਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ।