ਚੰਡੀਗੜ੍ਹ: ਪੰਜਾਬ ਭਾਜਪਾ ਦੇ ਲੀਡਰ, ਦੋ ਵਾਰ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਰਡਾਰ 'ਤੇ ਹਨ, ਜਿਸ ਦੇ ਚੱਲਦਿਆਂ ਅਰਵਿੰਦ ਖੰਨਾ ਨੂੰ ਈਡੀ ਵਲੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਨੂੰ ਈਡੀ ਨੇ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ 30 ਜਨਵਰੀ ਨੂੰ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ।
ਪਹਿਲਾਂ ਵੀ ਈਡੀ ਦੇ ਚੁੱਕੀ ਸੰਮਨ: ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਨੋਟਿਸ ਜਾਰੀ ਕਰਕੇ ਅਰਵਿੰਦ ਖੰਨਾ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਪਰ ਅਰਵਿੰਦ ਖੰਨਾ ਨੇ ਉਹ ਸੰਮਨ ਛੱਡ ਦਿੱਤੇ ਸਨ। ਜਿਸ ਤੋਂ ਬਾਅਦ ਇਹ ਦੂਜਾ ਨੋਟਿਸ 30 ਜਨਵਰੀ ਲਈ ਜਾਰੀ ਕੀਤਾ ਗਿਆ ਹੈ। ED ਨੇ ਅਰਵਿੰਦ ਖੰਨਾ ਨੂੰ ਬਹੁਤ ਹੀ ਗੰਭੀਰ ਦੋਸ਼ਾਂ ਤਹਿਤ ਤਲਬ ਕੀਤਾ ਹੈ। ED ਦੇ ਸੂਤਰਾਂ ਨੇ ਕਿਹਾ ਕਿ ਖੰਨਾ ਨੂੰ ਕਥਿਤ ਤੌਰ 'ਤੇ 'ਐਂਬਰੇਅਰ ਭ੍ਰਿਸ਼ਟਾਚਾਰ' ਦੇ ਮਾਮਲੇ ਨਾਲ ਸਬੰਧਤ ਜਾਂਚ ਵਿੱਚ ਸੰਮਨ ਭੇਜਿਆ ਗਿਆ ਹੈ, ਜਿਸ ਵਿੱਚ 2008 ਵਿੱਚ ਬ੍ਰਾਜ਼ੀਲ ਦੀ ਫਰਮ ਦੇ ਹੱਕ ਵਿੱਚ DRDO ਨਾਲ ਤਿੰਨ ਜਹਾਜ਼ਾਂ ਦੇ ਸੌਦੇ ਨੂੰ ਬਦਲਣ ਲਈ ਕਥਿਤ ਤੌਰ 'ਤੇ 5.76 ਮਿਲੀਅਨ ਡਾਲਰ ਦੀ ਕਿਕਬੈਕ ਅਦਾ ਕੀਤੀ ਗਈ ਸੀ।
CBI ਨੇ ਵੀ ਕੀਤੀ ਸੀ ਕਾਰਵਾਈ: ਜਾਣਕਾਰੀ ਅਨੁਸਾਰ ਈਡੀ ਵਲੋਂ 2020 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ CBI ਨੇ ਵੀ ਜੂਨ 2023 ਵਿੱਚ ਹਥਿਆਰਾਂ ਦੇ ਡੀਲਰ ਅਰਵਿੰਦ ਖੰਨਾ, ਐਡਵੋਕੇਟ ਗੌਤਮ ਖੇਤਾਨ ਅਤੇ ਕਾਰੋਬਾਰੀ ਅਨੂਪ ਗੁਪਤਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਏਜੰਸੀ ਨੇ IPC ਦੀ ਧਾਰਾ 120-ਬੀ ਜੋੜੀ ਹੈ, ਜੋ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਉਪਬੰਧਾਂ ਦੀ ਵਰਤੋਂ ਕੀਤੀ ਹੈ। ਅਰਵਿੰਦ ਖੰਨਾ ‘ਤੇ ਲੱਗੇ ਇਹ ਦੋਸ਼ ਇਸ ਕਰਕੇ ਵੀ ਗੰਭੀਰ ਹਨ ਕਿਉਂਕਿ ਇਹ ਮਾਮਲਾ ਦੇਸ਼ ਪ੍ਰਤੀ ਭਰੋਸੇਯੋਗਤਾ ਨਾਲ ਜੁੜਿਆ ਹੋਇਆ ਹੈ।
ਲੋਕ ਸਭਾ ਚੋਣਾਂ 'ਚ ਉਮੀਦਵਾਰੀ ਲਈ ਬਣ ਸਕਦਾ ਅੜਿੱਕਾ: ਜ਼ਿਕਰਯੋਗ ਹੈ ਕਿ ਅਰਵਿੰਦ ਖੰਨਾ ਆਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਹਨ ਪਰ ED ਦੇ ਇਹ ਸੰਮਨ ਖੰਨਾ ਦੀ ਦਾਅਵੇਦਾਰੀ ਵਿੱਚ ਅੜਿੱਕਾ ਬਣ ਸਕਦੇ ਹਨ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਵਤਨਪ੍ਰਸਤੀ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਅਰਵਿੰਦ ਖੰਨਾ ‘ਤੇ ਲੱਗੇ ਦੋਸ਼ ਇਸ ਦਿਸ਼ਾ ਦੇ ਬਿਲਕੁਲ ਉਲਟ ਹਨ। ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਆਪਣੀਆਂ ਮੁੱਖ ਪ੍ਰਾਪਤੀਆਂ ਵਜੋਂ ਪ੍ਰਚਾਰੇਗੀ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ED ਦੇ ਰਾਡਾਰ ‘ਤੇ ਹੁੰਦੇ ਹੋਏ ਅਰਵਿੰਦ ਖੰਨਾ ਆਮ ਆਦਮੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਚਾਰ ਦਾ ਹਿੱਸਾ ਵੀ ਬਣੇ ਰਹਿ ਸਕਦੇ ਹਨ ਅਤੇ ਅਜਿਹੇ ਹਾਲਾਤ ਅਰਵਿੰਦ ਖੰਨਾ ਦੀ ਟਿਕਟ ਦਾਅਵੇਦਾਰੀ ਨੂੰ ਫਿੱਕਾ ਪਾ ਸਕਦੇ ਹਨ।