ਤਰਨ ਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜੋਧ ਸਿੰਘ ਵਾਲਾ ਵਿਖੇ ਸੜਕ 'ਤੇ ਤੁਰੇ ਜਾਂਦੇ ਟਰੈਕਟਰ ਟਰਾਲੀ ਵੱਲੋਂ ਗੱਡੀ ਨੂੰ ਰਸਤਾ ਨਾ ਦੇਣ 'ਤੇ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਗੱਡੀ ਮਾਲਕ ਵੱਲੋਂ ਆਪਣੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਟਰੈਕਟਰ ਡਰਾਈਵਰ ਦੀ ਕੁੱਟਮਾਰ ਕਰਕੇ ਤੂੜੀ ਵਾਲਾ ਰੀਪਰ ਅਤੇ ਟਰੈਕਟਰ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਰਸਤੇ ਨਾ ਦੇਣ ਕਾਰਨ ਵਿਵਾਦ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਅਤੇ ਤੂੜੀ ਵਾਲੇ ਰੀਪਰ ਦੇ ਮਾਲਕ ਹਰਚੰਦ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਟਰੈਕਟਰ ਦਾ ਡਰਾਈਵਰ ਪਿੰਡ ਜੋਧ ਸਿੰਘ ਦੇ ਹੀ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਖੇਤਾਂ ਵਿੱਚ ਤੂੜੀ ਬਣਾਉਣ ਲਈ ਟਰੈਕਟਰ 'ਤੇ ਤੂੜੀ ਵਾਲਾ ਰੀਪਰ ਅਤੇ ਟਰਾਲੀ ਲੈ ਕੇ ਜੋਧ ਸਿੰਘ ਵਾਲੇ ਤੋਂ ਵਲਟੋਹੇ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਇੰਨੇ ਨੂੰ ਸਾਹਮਣੇ ਤੋਂ ਇੱਕ ਚਿੱਟੇ ਰੰਗ ਦੀ ਗੱਡੀ ਆਈ, ਜਿਸ ਨੇ ਹਾਰਨ ਦਿੱਤਾ ਅਤੇ ਸੜਕ ਪਾਰ ਕਰ ਲਈ। ਇੰਨੇ ਨੂੰ ਗੱਡੀ ਵਾਲੇ ਨੇ ਗੱਡੀ ਸਾਈਡ 'ਤੇ ਰੋਕ ਕੇ ਬਿਨਾਂ ਕਿਸੇ ਗੱਲ ਤੋਂ ਉਹਨਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਟਰੈਕਟਰ ਤੇ ਰੀਪਰ ਲੈ ਗਏ ਨਾਲ: ਉਨ੍ਹਾਂ ਦੱਸਿਆ ਕਿ ਇੰਨੇ ਨੂੰ ਲੋਕ ਇਕੱਠੇ ਹੁੰਦੇ ਵੇਖ ਉਹ ਗੱਡੀ ਵਾਲਾ ਉਥੋਂ ਚਲਾ ਗਿਆ, ਜਿਸ ਤੋਂ ਕੁਝ ਦੇਰ ਬਾਅਦ ਉਹੀ ਗੱਡੀ ਵਾਲਾ ਆਪਣੇ ਨਾਲ 10 ਤੋਂ 15 ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰ ਨਾਲ ਲੈ ਕੇ ਹਰਪ੍ਰੀਤ ਸਿੰਘ ਦੇ ਖੇਤਾਂ ਵਿੱਚ ਪੁੱਜਿਆ, ਜਿੱਥੇ ਟਰੈਕਟਰ ਟਰਾਲੀ ਅਤੇ ਤੂੜੀ ਵਾਲਾ ਰੀਪੜ ਤੂੜੀ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉੱਥੇ ਆਏ ਅਤੇ ਆਉਂਦੇ ਸਾਰ ਹੀ ਟਰੈਕਟਰ ਡਰਾਈਵਰ ਦੀ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਕਰਕੇ ਉਹਨਾਂ ਤੋਂ ਟਰੈਕਟਰ ਅਤੇ ਤੂੜੀ ਵਾਲਾ ਰੀਪਰ ਖੋਹ ਕੇ ਲੈ ਗਏ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵੱਲੋਂ ਪੁਲਿਸ ਚੌਂਕੀ ਘਰਿਆਲਾ ਵਿਖੇ ਲਿਖਤੀ ਦਰਖਾਸਤ ਵੀ ਦੇ ਦਿੱਤੀ ਹੋਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਟਰੈਕਟਰ ਖੋਹ ਕੇ ਲੈ ਜਾਣ ਵਾਲੇ ਵਿਅਕਤੀ ਦਾ ਪਤਾ ਕੀਤਾ ਜਾਵੇ ਅਤੇ ਸਾਡਾ ਤੂੜੀ ਵਾਲਾ ਰੀਪਰ ਅਤੇ ਟਰੈਕਟਰ ਸਾਨੂੰ ਵਾਪਸ ਦਵਾਇਆ ਜਾਵੇ।
ਪੁਲਿਸ ਨੇ ਜਾਂਚ ਦੀ ਆਖੀ ਗੱਲ: ਉਧਰ ਜਦ ਇਸ ਸਬੰਧੀ ਪੁਲਿਸ ਚੌਂਕੀ ਘਰਿਆਲਾ ਦੇ ਡਿਊਟੀ ਇੰਚਾਰਜ ਏਐਸਆਈ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਸਬੰਧੀ ਮੌਕਾ ਦੇਖਿਆ ਗਿਆ ਹੈ ਅਤੇ ਜੋ ਤੂੜੀ ਵਾਲਾ ਰੀਪਰ ਅਤੇ ਟਰੈਕਟਰ ਹੈ, ਉਸ ਨੂੰ ਖੋਹ ਕੇ ਲਿਜਾਉਣ ਵਾਲੇ ਵਿਅਕਤੀਆਂ ਵੱਲੋਂ ਪੁਲਿਸ ਚੌਂਕੀ ਅਲਗੋ ਕੋਠੀ ਵਿਖੇ ਲਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਇਆ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।