ਹੈਦਰਾਬਾਦ ਡੈਸਕ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਕਈ ਰੰਗ ਦਿਖਾ ਰਹੀ ਹੈ। ਨੇਤਾਵਾਂ ਦੀ ਦਲ-ਬਦਲੀ ਲਗਾਤਾਰ ਜਾਰੀ ਹੈ। ਇਸ ਵਾਰ ਪੰਜਾਬ ਦੀ ਸਿਆਸਤ ਦੇ ਵੱਡੇ ਚਿਹਰੇ ਆਪਣੀ ਸਾਲਾਂ ਪੁਰਾਣੀ ਪਾਰਟੀ ਨੂੰ ਖੋਰਾ ਲਾ ਕੇ ਨਿਕਲ ਰਹੇ ਹਨ। ਇਸ ਤੋਂ ਪਹਿਲਾਂ ਪਰਨੀਤ ਕੌਰ ਨੇ ਕਾਂਗਰਸ ਛੱਡ ਭਾਜਪਾ ਦਾ ਪੱਲਾ ਫੜ੍ਹਿਆ ਅਤੇ ਫਿਰ ਬੀਤੇ ਦਿਨ 26 ਮਾਰਚ ਨੂੰ ਰਵਨੀਤ ਬਿੱਟੂ ਵੀ ਭਾਜਪਾ ਦੇ ਹੋ ਗਏ। ਵੱਡੀ ਗੱਲ ਇਹ ਹੈ ਕਿ ਰਵਨੀਤ ਬਿੱਟੂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਸ ਦੀ ਪਾਰਟੀ ਨੂੰ ਵੀ ਖਬਰ ਤੱਕ ਨਹੀਂ ਸੀ। ਜਦੋਂ ਬੀਤੀ ਸ਼ਾਮ ਇਹ ਖਬਰ ਸਾਹਮਣੇ ਆਈ ਤਾਂ ਪੰਜਾਬ ਦੀ ਕਾਂਗਰਸ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ।
ਕਾਂਗਰਸ ਦੀ ਲੀਡਰਸ਼ਿਪ ਪੰਜਾਬ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦੇ ਘਰ ਮੀਟਿੰਗ ਕਰਨ ਵੀ ਪਹੁੰਚੀ। ਇਸ ਮੌਕੇ ਕਾਂਗਰਸ ਪ੍ਰਭਾਰੀ ਦਵਿੰਦਰ ਯਾਦਵ ਵੀ ਮੌਜੂਦ ਰਹੇ। ਸੁਣੋ ਕਾਂਗਰਸੀ ਨੇਤਾਵਾਂ ਦੇ ਰਿਐਕਸ਼ਨ-
ਕਿਸੇ ਨੂੰ ਮਾੜੇ ਸਮੇਂ ਵਿੱਚ ਛੱਡਣਾ ਠੀਕ ਨਹੀਂ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ, "ਬਿੱਟੂ ਦਾ ਭਾਜਪਾ ਵਿੱਚ ਜਾਣ ਦਾ ਮੈਨੂੰ ਬਹੁਤ ਦੁੱਖ ਹੈ। ਬੇਅੰਤ ਸਿੰਘ ਜੀ ਦੀ ਸ਼ਹਾਦਤ ਇੱਕ ਮਹਾਨ ਸ਼ਹਾਦਤ ਸੀ। ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਸ਼ਹਾਦਤ ਦਿੱਤੀ। ਕਿਸੇ ਨੂੰ ਮਾੜੇ ਸਮੇਂ ਵਿੱਚ ਛੱਡਣਾ ਠੀਕ ਨਹੀਂ ਹੈ, ਪਰ ਇੱਕ ਕਹਾਵਤ ਹੈ ਅਤੇ ਸਾਡੇ ਬਜ਼ੁਰਗ ਪੰਜਾਬ ਵਿੱਚ ਰਹਿੰਦੇ ਹਨ ਕਿ ਮਾੜੇ ਸਮੇਂ ਵਿੱਚ ਕਿਸੇ ਨੂੰ ਨਹੀਂ ਛੱਡਣਾ ਚਾਹੀਦਾ।"
ਰਾਜਾ ਵੜਿੰਗ ਨੇ ਕਿਹਾ ਕਿ, "ਬਿੱਟੂ ਮੇਰਾ ਭਰਾ ਹੈ।ਉਸ ਦੇ ਚਲੇ ਜਾਣ 'ਤੇ ਮੈਨੂੰ ਬਹੁਤ ਦੁੱਖ ਹੋਇਆ। ਬਿੱਟੂ ਦਾ ਸਿਆਸੀ ਭਵਿੱਖ ਬਹੁਤ ਲੰਬਾ ਹੈ। ਬਿੱਟੂ ਦੀ ਇਸ ਪਾਰਟੀ ਅਤੇ ਕਾਂਗਰਸ ਦੇ ਅੰਦਰ ਵੱਖਰੀ ਪਛਾਣ ਸੀ। ਮੈਂ ਬੀਤੀ ਰਾਤ ਰਵਨੀਤ ਬਿੱਟੂ ਨਾਲ ਵੀ ਗੱਲ ਕੀਤੀ ਜਦੋਂ ਮੈਂ ਉਨ੍ਹਾਂ ਨਾਲ ਸੰਗਠਨ ਬਾਰੇ ਗੱਲਬਾਤ ਕੀਤੀ, ਪਰ ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਜਨੀਤੀ ਨੈਤਿਕਤਾ ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਪਰ ਅੱਜ ਕੋਈ ਇਸ ਪਾਰਟੀ ਵਿੱਚ ਹੈ ਅਤੇ ਕੱਲ੍ਹ ਉਹ ਕਿਸੇ ਹੋਰ ਪਾਰਟੀ ਵਿੱਚ ਚਲਾ ਜਾਂਦਾ ਹੈ, ਪਰ ਤੁਹਾਡਾ ਕਿਰਦਾਰ ਕੀ ਹੈ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।
ਬਿੱਟੂ ਭਾਜਪਾ ਦਾ ਨੁਕਸਾਨ ਕਰੇਗਾ : ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, ਕੋਈ ਸੋਚ ਨਹੀਂ ਸਕਦਾ ਕਿ ਬੇਅੰਤ ਸਿੰਘ ਦੇ ਪੋਤੇ ਨੇ ਅਜਿਹਾ ਕਦਮ ਚੁੱਕਿਆ। ਕਾਂਗਰਸ ਪਾਰਟੀ ਨੇ ਅੱਜ ਤੋਂ ਕਰੀਬ 11-12 ਸਾਲ ਪਹਿਲਾਂ ਬਿੱਟੂ ਨੂੰ ਛੋਟੀ ਉਮਰ ਤੋਂ ਹੀ ਬਹੁਤ ਚੰਗੇ ਮੌਕੇ ਦਿੱਤੇ। ਆਪਣੀ ਹਲਕੇ ਦੇ ਲੋਕਾਂ ਨਾਲ ਕਦੇ ਮੁਲਾਕਾਤ ਨਹੀਂ ਕੀਤੀ। ਬਿੱਟੂ ਨੇ ਕਈ ਭੁੱਲਾਂ ਕੀਤੀਆਂ, ਪਰ ਅਸੀ ਮਾਫ ਕੀਤੀਆਂ, ਹੋਰ ਮੌਕੇ ਦਿੱਤੇ। ਬੇਅੰਤ ਸਿੰਘ ਨੂੰ ਵੀ ਇਸ ਦਾ ਦੁੱਖ ਹੁੰਦਾ ਹੋਵੇਗਾ।
ਬਾਜਵਾ ਨੇ ਕਿਹਾ ਕਿ, "ਹੁਣ ਤੁਸੀਂ ਆਪਣੀ ਗਰਦਨ ਆਪਣੇ ਹੱਥੀ ਕੱਟ ਲਈ ਹੈ। ਕਾਂਗਰਸ ਨੂੰ ਲੋੜ ਵੇਲ੍ਹੇ ਛੱਡਣਾ ਚੰਗਾ ਨਹੀਂ ਹੈ, ਇਹ ਗੱਦਾਰਪੁਣਾ ਹੈ। ਬਿੱਟੂ ਦਾ ਐਂਟੀ ਸਿੱਖ ਚਿਹਰਾ ਭਾਜਪਾ ਨੂੰ ਨੁਕਸਾਨ ਪਹੁੰਚਾਏਗਾ। ਸਿਕਿਊਰਿਟੀ ਇਨ੍ਹਾਂ ਹੱਥੋ ਨਾ ਕੁੱਸ ਜਾਵੇ, ਘਰ ਜ਼ਰੂਰ ਇਨ੍ਹਾਂ ਕੋਲ ਰਹਿ ਜਾਣਗੇ, ਪਰ ਪੰਜਾਬੀ ਇਨ੍ਹਾਂ ਨੂੰ ਕਬੂਲ ਨਹੀਂ ਕਰਨਗੇ। ਭਾਜਪਾ ਕੋਈ ਆਪਣਾ ਹੀ ਲੈ ਆਵੇ, ਪੁਰਾਣੇ ਵਿਚਾਰੇ ਉਡੀਕ ਰਹੇ ਹਨ। ਬਿੱਟੂ 2 ਲੱਖ ਵੋਟਾਂ ਨਾਲ ਹਾਰ ਰਿਹਾ ਸੀ, ਕਿਉਂਕਿ ਮਹਰੂਮ ਬੇਅੰਤ ਸਿੰਘ ਦਾ ਪੋਤਾ ਹੈ, ਇਸ ਲਈ ਕਾਂਗਰਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਨਕਾਰ ਕਿਵੇਂ ਕੀਤਾ ਜਾਵੇ, ਰੱਬ ਦਾ ਸ਼ੁਕਰ ਹੈ ਕਿ ਉਹ ਆਪ ਹੀ ਚਲਾ ਗਿਆ। ਕਾਂਗਰਸੀ ਵਰਕਰ ਬਿੱਟੂ ਨੂੰ ਨਿਹੰਗ ਸਿੰਘਾਂ ਦੇ ਭਾਂਡੇ ਵਾਂਗ ਸਾਫ਼ ਕਰਨਗੇ। ਬਾਜਵਾ ਨੇ ਕਿਹਾ ਜੋ ਇੱਜ਼ਤਦਾਰ ਬੰਦਾ ਹੈ, ਉਹ ਭਾਜਪਾ ਵਿੱਚ ਨਹੀ ਜਾਵੇਗਾ, ਜੋ ਗੱਦਾਰ ਹੈ, ਉਹ ਜਾਵੇਗਾ। ਮੈਨੂੰ ਇਸ ਦੇ ਜਾਣ ਦਾ ਕੋਈ ਅਫਸੋਸ ਨਹੀਂ ਹੋਇਆ, ਇਸ ਦੇ ਜਾਣ ਨਾਲ ਸ਼ਾਂਤੀ ਆਈ।"
ਬਿੱਟੂ ਸੁਰੱਖਿਆ ਲਈ ਲਾਲਚੀ : ਪ੍ਰਤਾਪ ਬਾਜਵਾ ਨੇ ਕਿਹਾ ਕਿ ਬਿੱਟੂ ਭਾਜਪਾ ਤੋਂ ਚੋਣ ਲੜਨਗੇ ਅਤੇ ਇਸ ਦਾ ਨਤੀਜਾ ਤੁਹਾਨੂੰ ਲੋਕ ਸਭਾ ਚੋਣਾਂ ਵਿੱਚ ਮਿਲੇਗਾ। ਕੱਲ੍ਹ ਤੱਕ ਉਹ ਕਾਂਗਰਸ ਲਈ ਰੈਲੀਆਂ ਕਰਦੇ ਸੀ ਅਤੇ ਅੱਜ ਅਚਾਨਕ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਂਗਰਸ ਕਰਕੇ ਤੁਹਾਨੂੰ ਇੱਜ਼ਤ ਮਿਲਦੀ ਸੀ, ਉਹ ਸੁਰੱਖਿਆ ਲਈ ਲਾਲਚੀ ਹਨ ਅਤੇ ਉਸ ਕੋਲ 3 ਘਰ ਹਨ, ਚੰਡੀਗੜ੍ਹ, ਦਿੱਲੀ ਅਤੇ ਲੁਧਿਆਣਾ ਵਿੱਚ ਤਾਂ ਕਿਸੇ ਵਾਇਸਰਾਏ ਨੂੰ ਵੀ ਅਜਿਹੇ ਘਰ ਮਿਲੇ ਹੋਣਗੇ।
ਬਿੱਟੂ ਦਾ ਭਾਜਪਾ ਵਿੱਚ ਜਾਣਾ ਕਾਂਗਰਸ ਲਈ ਚੰਗਾ: ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਭਾਜਪਾ ਵਿੱਚ ਜਾਣਾ ਕਾਂਗਰਸ ਲਈ ਚੰਗਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਣਾ ਹੈ ਤਾਂ ਖੁੱਲ੍ਹ ਕੇ ਜਾਓ, ਲੁੱਕ ਕੇ ਕਿਉਂ ਜਾਣਾ। ਉਨ੍ਹਾਂ ਕਿਹਾ ਕਿ ਮੈਂ ਤਾਂ ਆਪਣੀ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਕਿਹਾ ਕਿ ਜਾਣਾ ਜਾਓ, ਪਰ ਦੱਸ ਕੇ ਜਾਓ, ਲੁੱਕ ਕੇ ਨਹੀਂ, ਚੰਗੀ ਗੱਲ ਹੈ ਕਿ ਨੌਜਵਾਨ ਜਾ ਰਹੇ। ਬਿੱਟੂ ਨੂੰ ਭਾਵੇਂ ਭਾਜਪਾ ਵਲੋਂ ਟਿਕਟ ਮਿਲ ਜਾਵੇਗੀ, ਪਰ ਉਹ ਜਿੱਤਦੇ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਆਗੂ ਨਕਾਰ ਦੇਣੇ ਚਾਹੀਦੇ ਹਨ।