ਅੰਮ੍ਰਿਤਸਰ: ਖੁਸ਼ੀ ਅਤੇ ਚਾਵਾਂ ਨਾਲ 8 ਜਨਵਰੀ ਦਾ ਇੰਤਜ਼ਾਰ ਸੀ। ਵਿਆਹ ਦੇ ਕਾਰਡ ਵੰਡੇ ਗਏ ਸੀ ਅਤੇ ਰਿਜ਼ੋਰਟ ਬੁੱਕ ਕਰਵਾਇਆ ਹੋਇਆ ਸੀ। ਕਰੀਬ-ਕਰੀਬ 15 ਲੱਖ ਰੁਪਏ ਖਰਚੇ ਕੀਤੇ ਪਰ ਉਦੋਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਮੇਰੇ ਮੰਗੇਤਰ ਨੇ ਮੇਰਾ ਹਮਸਫ਼ਰ ਬਣਨ ਤੋਂ ਇਨਕਾਰ ਕਰ ਦਿੱਤਾ। ਇਹ ਕੋਈ ਕਹਾਣੀ ਨਹੀਂ ਬਲਕਿ ਸੱਚਾਈ ਹੈ। ਪਿਆਰ ਦੇ ਵਾਅਦੇ, ਅਧੂਰੇ ਸੀ। ਇਕੱਠੇ ਜ਼ਿੰਦਗੀ ਬਿਤਾਉਣ ਦੀਆਂ ਗੱਲਾਂ ਮਹਿਜ਼ ਗੱਲਾਂ ਹੀ ਬਣ ਕੇ ਰਹਿ ਗਈਆਂ।
ਪਿਆਰ ਬਦਲੇ ਬੇਵਫ਼ਾਈ
ਦਰਅਸਲ ਮੰਗਣੀ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਨੇ ਯੂਪੀ ਦੀ ਲੜਕੀ ਨਾਲ ਵਿਆਹ ਤੋਂ ਤਿੰਨ ਦਿਨ ਪਹਿਲਾਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਲੜਕੀ ਇਨਸਾਫ਼ ਲਈ ਉਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਪਹੁੰਚ ਗਈ ਅਤੇ ਲੜਕੇ ਦੇ ਪੂਰੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨਾਲ ਵਿਆਹ ਕਰਵਾਉਣ ਦੀ ਮੰਗ ਕਰ ਰਹੀ ਹੈ।
ਕਦੋਂ ਹੋਇਆ ਸੀ ਰਿਸ਼ਤਾ
ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ 12 ਜੂਨ 2024 ਨੂੰ ਉਸ ਦੀ ਮੰਗਣੀ ਅੰਮ੍ਰਿਤਸਰ ਦੇ ਲੜਕੇ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਵੇਂ ਕਈ ਵਾਰ ਮਿਲੇ ਅਤੇ ਸਰੀਰਕ ਸਬੰਧ ਵੀ ਬਣਾਏ। ਇਸ ਦੌਰਾਨ ਇਕ ਵਾਰ ਗਰਭਵਤੀ ਹੋ ਗਈ ਅਤੇ ਲੜਕਾ ਉਸ ਦਾ ਗਰਭਪਾਤ ਕਰਵਾਉਣ ਲਈ ਦਵਾਈ ਵੀ ਲੈ ਕੇ ਆਇਆ। ਇਸ ਸਭ ਤੋਂ ਬਾਅਦ ਹੁਣ ਨੌਜਵਾਨ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ 8 ਜਨਵਰੀ 2025 ਨੂੰ ਹੋਣਾ ਸੀ ਪਰ ਹੁਣ ਲੜਕਾ ਅਤੇ ਉਸ ਦਾ ਪਰਿਵਾਰ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ।
ਲੜਕਾ ਘਰੋਂ ਫਰਾਰ
ਲੜਕੀ ਨੇ ਦੱਸਿਆ ਕਿ ਹੁਣ ਤੱਕ ਉਹ 15 ਲੱਖ ਰੁਪਏ ਖ਼ਰਚ ਕਰ ਚੁੱਕੀ ਹੈ ਅਤੇ ਲੜਕਾ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ, ਫਿਲਹਾਲ ਉਹ ਘਰੋਂ ਫ਼ਰਾਰ ਹੈ। ਇਸ ਲਈ ਉਹ ਚਾਹੁੰਦੀ ਹੈ ਕਿ ਪੂਰੇ ਪਰਿਵਾਰ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਦਾ ਵਿਆਹ ਉਸੇ ਤਰੀਕ ’ਤੇ ਕੀਤਾ ਜਾਵੇ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ।
ਪੁਲਿਸ ਨੇ ਰੱਖਿਆ ਆਪਣਾ ਪੱਖ
ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਤ੍ਰਿਪਤਾ ਸੂਦ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੇ ਦੇ ਪਰਿਵਾਰ ਵਾਲੇ ਲੜਕੀ ਦੇ ਚਰਿੱਤਰ ’ਤੇ ਇਲਜ਼ਾਮ ਲਗਾ ਰਹੇ ਹਨ, ਪਰ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਫ਼ਿਲਹਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।