ਬਰਨਾਲਾ: ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਅੱਜ ਵਿਧਾਨ ਸਭਾ ਵਿੱਚ ਸਹੁੰ ਨਹੀਂ ਚੁੱਕੀ ਗਈ। ਕਾਂਗਰਸੀ ਵਿਧਾਇਕ ਨੇ ਸਹੁੰ ਚੁੱਕ ਸਮਾਗਮ ਵਿੱਚ ਨਾ ਜਾਣ ਦਾ ਕਾਰਨ ਸਾਂਝਾ ਕੀਤਾ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਵਿਧਾਨ ਸਭਾ ਦ਼ਫਤਰ ਜਾਂ ਪਾਰਟੀ ਦੇ ਸੀਐੱਲਪੀ ਲੀਡਰ ਦੇ ਦਫ਼ਤਰ ਤੋਂ ਸਹੁੰ ਚੁੱਕਣ ਦਾ ਕੋਈ ਸੱਦਾ ਨਹੀਂ ਮਿਲਿਆ, ਸਿਰਫ਼ ਮੀਡੀਆ ਤੋਂ ਸੁਨੇਹਾ ਮਿਲਿਆ ਹੈ, ਜਿਸ ਕਰਕੇ ਉਹ ਅੱਜ ਨਹੀਂ ਗਏ।
ਨਹੀਂ ਮਿਲਿਆ ਕੋਈ ਸੱਦਾ
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਤੋਂ ਕਾਂਗਰਸ ਦੇ ਨਵੇਂ ਬਣੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਦਫ਼ਤਰ ਵੱਲੋਂ ਜਾਂ ਉਹਨਾਂ ਦੇ ਸੀਐੱਲਪੀ ਲੀਡਰ ਵਲੋਂ ਸਹੁੰ ਚੁੱਕ ਸਮਾਗਮ ਦਾ ਕੋਈ ਮੈਸੇਜ ਨਹੀਂ ਮਿਲਿਆ। ਉਹਨਾਂ ਨੂੰ ਨਿਯਮ ਅਨੁਸਾਰ ਸਹੁੰ ਚੁੱਕ ਸਮਾਗਮ ਲਈ ਬੁਲਾਇਆ ਹੀ ਨਹੀਂ ਗਿਆ। ਉਹਨਾਂ ਨੂੰ ਇਸ ਦੀ ਜਾਣਕਾਰੀ ਸਿਰਫ਼ ਮੀਡੀਆ ਵੱਲੋਂ ਹੀ ਮਿਲੀ ਹੈ। ਉਹਨਾਂ ਨੂੰ ਕਾਂਗਰਸ ਪਾਰਟੀ ਦੇ ਸੀਐਲਪੀ ਲੀਡਰ ਪ੍ਰਤਾਮ ਸਿੰਘ ਬਾਜਵਾ ਦੇ ਦਫ਼ਤਰ ਵਲੋਂ 4 ਦਸੰਬਰ ਨੂੰ ਸਾਢੇ 11 ਵਜੇਂ ਦਾ ਸਮਾਂ ਸਹੁੰ ਚੁੱਕ ਸਮਾਗਮ ਦਾ ਮਿਲਿਆ ਹੈ ਅਤੇ ਉਹ ਉਸ ਦਿਨ ਹੀ ਆਪਣੇ ਸਾਥੀਆਂ ਸਮੇਤ ਜਾ ਰਹੇ ਹਨ।
ਉਹਨਾਂ ਕਿਹਾ ਕਿ ਵਿਧਾਨ ਸਭਾ ਪਹੁੰਚ ਕੇ ਸਭ ਤੋਂ ਪਹਿਲਾਂ ਬਰਨਾਲਾ ਦੇ ਲੋਕਾਂ ਦਾ ਧੰਨਵਾਦ ਕਰਨਾ ਹੈ। ਬਰਨਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਉਠਾਉਣਾ ਹੈ। ਇਸ ਲਈ ਬਾਕਾਇਦਾ ਰੋਡ ਮੈਪ ਬਣਾ ਕੇ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਮੁੱਖ ਮੰਤਰੀ ਅਤੇ ਸਬੰਧਤ ਵਿਭਾਗ ਦੇ ਮੰਤਰੀ ਨੂੰ ਵੀ ਮਿਲਣ ਤੋਂ ਪਿੱਛੇ ਨਹੀਂ ਹਟਣਗੇ। ਇਸਦੇ ਬਾਅਦ ਵੀ ਕੋਈ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਵਿਧਾਨ ਸਭਾ ਵਿੱਚ ਆਵਾਜ਼ ਉਠਾਉਣਗੇ। ਇਸਤੋਂ ਇਲਾਵਾ ਉਹ ਸੜਕਾਂ ਤੇ ਉਤਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਵਿਕਾਸ ਲਈ ਹਰ ਸੰਭਵ ਕੋਸ਼ਿਸ਼
ਕਾਲਾ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਰਨਾਲਾ ਦੇ ਲੋਕ 2014 ਤੋਂ ਜਿਤਉਂਦੇ ਆ ਰਹੇ ਹਨ ਅਤੇ ਹੁਣ ਤੱਕ ਪੰਜ ਵਾਰ ਜਿਤਾਉਣ ਲਈ ਬਰਨਾਲਾ ਦੇ ਲੋਕਾਂ ਦਾ ਮੁੱਲ ਆਪ ਪਾਰਟੀ ਨੂੰ ਮੋੜਨਾ ਚਾਹੀਦਾ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਦਾ ਕੋਈ ਕੰਮ ਨਹੀਂ ਰੁਕਣ ਦਿੱਤਾ ਜਾਵੇਗਾ। ਬਰਨਾਲਾ ਦੇ ਲੋਕਾਂ ਦਾ ਹਰ ਪੱਧਰ ਉੱਤੇ ਲੜਾਈ ਲੜੀ ਜਾਵੇਗੀ। ਉਹਨਾਂ ਕਿਹਾ ਕਿ ਬਕਾਇਦਾ ਬਰਨਾਲਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਦਾ ਇੱਕ ਦਫ਼ਤਰ ਬਣਾਇਆ ਜਾਵੇਗਾ, ਜਿੱਥੇ ਵਿਧਾਨ ਸਭਾ ਹਲਕੇ ਦੇ ਹਰ ਇੱਕ ਨਾਗਰਿਕ ਦੀ ਸਮੱਸਿਆ ਸੁਣੀ ਜਾਵੇਗੀ ਅਤੇ ਉਸਦਾ ਹੱਲ ਕਰਨ ਦੇ ਯਤਨ ਕੀਤੇ ਜਾਣਗੇ।