ਸੰਗਰੂਰ: ਪੰਜਾਬ ਸਰਕਾਰ ਨੇ ਹੁਣ ਤੱਕ 40,437 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ ਮੁੜ 2487 ਹੋਰ ਸਰਕਾਰੀ ਨੌਕਰੀਆਂ ਦਾ ਵਾਅਦਾ ਕਰਦੇ ਹੋਏ ਨਿਯੁਕਤੀ ਪੱਤਰ ਸੌਂਪੇ ਜਾਣਗੇ। ਸੀਐਮ ਮਾਨ ਨੇ ਬੀਤੇ ਬਜਟ 'ਤੇ ਬਹਿਸ ਦੌਰਾਨ ਇਨ੍ਹਾਂ ਨੌਕਰੀਆਂ ਦਾ ਜ਼ਿਕਰ ਵੀ ਕੀਤਾ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾ ਰਹੇ ਹਨ।
2487 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ: ਦੱਸ ਦਈਏ ਸੀਐੱਮ ਮਾਨ ਵੱਲੋਂ ਮਿਸ਼ਨ ਰੋਜ਼ਗਾਰ ਤਹਿਤ ਸੰਗਰੂਰ ਵਿੱਚ 2487 ਨਵੇਂ ਨੌਜਵਾਨ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਹ ਪ੍ਰੋਗਰਾਮ ਸੰਗਰੂਰ ਦੀ ਲੱਡਾ ਕੋਠੀ ਵਿਖੇ ਕਰਵਾਇਆ ਜਾ ਰਿਹਾ ਹੈ। ਨੌਕਰੀ ਪਾਉਣ ਵਾਲੇ ਉਮੀਦਵਾਰਾਂ ਨੇ ਵਿਸ਼ੇਸ਼ ਤੌਰ ਉੱਤੇ ਸੀਐੱਮ ਮਾਨ ਦਾ ਧੰਨਵਾਦ ਵੀ ਕੀਤਾ ਹੈ। ਦੱਸ ਦਈਏ ਬੀਤੇ ਦਿਨ ਬਜਟ ਸੈਸ਼ਨ ਦੌਰਾਨ ਸਦਨ ਵਿੱਚ ਵਿਰੋਧੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ 40,437 ਸਰਕਾਰੀ ਨੌਕਰੀਆਂ ਦੇ ਵੇਰਵੇ ਮੰਗੇ ਸਨ। ਸਦਨ ਵਿੱਚ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਉਹ ਆਪਣੇ ਨਾਲ ਪੂਰਾ ਰਿਕਾਰਡ ਲੈ ਕੇ ਆਏ ਹਨ ਅਤੇ ਉਹ ਵੀਰਵਾਰ ਨੂੰ 2487 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ ਅਤੇ ਸੀਐੱਮ ਮਾਨ ਆਪਣੇ ਕਹੇ ਮੁਤਾਬਿਕ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਅੱਜ ਸੰਗਰੂਰ ਵਿੱਚ ਪਹੁੰਚੇ ਵੀ ਹਨ।
ਰੋਜ਼ਗਾਰ ਦੇਣ ਮੁੱਖ ਮੰਤਵ: ਸੀਐੱਮ ਮਾਨ ਨੇ ਇੱਥੇ ਵਿਸ਼ੇਸ਼ ਤੌਰ ਉੱਤੇ ਇਹ ਗੱਲ ਵੀ ਸਾਂਝਾ ਕੀਤੀ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਹਰ ਇੱਕ ਸਹੂਲਤ ਮੁਹੱਈਆ ਕਰਵਾਉਣਾ ਹੈ ਅਤੇ ਇਸ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਇੱਕ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਹੀ ਭਰਤੀ ਕਰ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਕੋਰਟ ਦੇ ਚੱਕਰ ਨਾ ਕੱਟਣੇ ਪੈਣ। ਉਨ੍ਹਾਂ ਕਿਹਾ ਕਿ ਵਿਰੋਧੀ ਕੁੱਝ ਵੀ ਕਹਿੰਦੇ ਰਹਿਣ ਪਰ ਪੰਜਾਬ ਦੇ ਲੋਕ ਅਤੇ ਨੌਜਵਾਨ ਉਮੀਦਵਾਰ ਜਾਣਦੇ ਹਨ ਕਿ ਸਰਕਾਰ ਨੇ ਰੋਜ਼ਗਾਰ ਦਿੱਤਾ ਹੈ ਜਾਂ ਨਹੀਂ।