ਬਠਿੰਡਾ: ਪੰਜਾਬ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਜੇਕਰ ਅਸਲ ਨੀਅਤ ਜਾਨਣੀ ਹੋਵੇ ਤਾਂ ਪੰਜਾਬ ਵਿੱਚ ਸਭ ਤੋਂ ਮਾੜਾ ਹਾਲ ਉਚੇਰੀ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਦਾ ਹੈ ਕਿਉਂਕਿ ਇੰਨਾਂ ਸੰਸਥਾਵਾਂ ਵਿੱਚ ਲੋੜੀਂਦਾ ਸਟਾਫ ਅਤੇ ਸਹੂਲਤਾਂ ਨਹੀਂ ਹਨ। ਇਹ ਖੁਲਾਸਾ ਬਠਿੰਡਾ ਦੇ ਆਰਟੀਆਈ ਐਕਟਵਿਸਟ ਰਾਜਨਦੀਪ ਸਿੰਘ ਵੱਲੋਂ ਕੀਤਾ ਗਿਆ ਹੈ। ਜਿਸ ਵੱਲੋਂ ਪਿਛਲੇ ਦਿਨੀ ਆਰਟੀਆਈ ਰਾਹੀਂ ਪੰਜਾਬ ਸਰਕਾਰ ਤੋਂ ਕੁਝ ਸਵਾਲ ਪੁੱਛੇ ਗਏ ਸਨ।
RTI ਰਾਹੀ ਹੋਏ ਵੱਡੇ ਖੁਲਾਸੇ: ਰਾਜਨਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰੀ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ 64 ਸਰਕਾਰੀ ਕਾਲਜ ਹਨ ਪਰ ਇਹਨਾਂ 64 ਸਰਕਾਰੀ ਕਾਲਜਾਂ ਵਿੱਚ ਕਰੀਬ 35 ਪ੍ਰਿੰਸੀਪਲ ਤੈਨਾਤ ਹਨ, ਬਾਕੀ ਪੋਸਟਾਂ ਨੂੰ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 2033 ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਹਨਾਂ ਪੋਸਟਾਂ ਨੂੰ ਭਰਨ ਦੀ ਬਜਾਏ ਸਰਕਾਰੀ ਕਾਲਜਾਂ ਨੂੰ ਬੰਦ ਕਰਨ ਦੇ ਰਾਹ 'ਤੇ ਪੰਜਾਬ ਸਰਕਾਰ ਤੁਰੀ ਹੋਈ ਹੈ।
ਕਾਲਜ 'ਚ ਇੱਕ ਵੀ ਪੱਕਾ ਪ੍ਰੋਫੈਸਰ ਨਹੀਂ: ਰਾਜਨਦੀਪ ਸਿੰਘ ਨੇ ਦੱਸਿਆ ਕਿ ਜੀਰਾ ਵਿਖੇ ਚੱਲ ਰਹੇ ਸਰਕਾਰੀ ਕਾਲਜ ਵਿੱਚ ਇੱਕ ਵੀ ਪੱਕਾ ਪ੍ਰੋਫੈਸਰ ਨਹੀਂ ਹੈ, ਪ੍ਰਿੰਸੀਪਲ ਕੋਲ ਵੀ ਐਡੀਸ਼ਨਲ ਚਾਰਜ ਹੈ। ਜੇਕਰ ਕਾਲਜ ਦੀ ਗੱਲ ਕੀਤੀ ਜਾਵੇ ਤਾਂ ਇੱਥੇ 687 ਵਿਦਿਆਰਥੀ ਅੰਗਰੇਜ਼ੀ ਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਕਾਲਜ ਕੋਲ ਇੱਕ ਵੀ ਅੰਗਰੇਜ਼ੀ ਦਾ ਪ੍ਰੋਫੈਸਰ ਨਹੀਂ ਹੈ। ਇਸੇ ਤਰ੍ਹਾਂ 350 ਵਿਦਿਆਰਥੀ ਸਰੀਰਕ ਸਿੱਖਿਆ ਨਾਲ ਸੰਬੰਧਿਤ ਹਨ ਪਰ ਸਰੀਰ ਸਿੱਖਿਆ ਦਾ ਇੱਕ ਵੀ ਪ੍ਰੋਫੈਸਰ ਇਸ ਕਾਲਜ ਕੋਲ ਨਹੀਂ ਹੈ। ਇਸ ਕਾਲਜ ਕੋਲ 12 ਮਨਜ਼ੂਰਸ਼ੁਦਾ ਪ੍ਰੋਫੈਸਰਾਂ ਦੀਆਂ ਅਸਾਮੀਆਂ ਹਨ ਪਰ ਇੱਥੇ ਇੱਕ ਵੀ ਪੱਕਾ ਪ੍ਰੋਫੈਸਰ ਤੈਨਾਤ ਨਹੀਂ ਹੈ। ਅੱਠ ਗੈਸਟ ਫੈਕਲਟੀ ਪ੍ਰੋਫੈਸਰ ਕੰਮ ਕਰ ਰਹੇ ਹਨ, ਜਿਨਾਂ ਵਿੱਚੋਂ ਚਾਰ ਕੁਲੀਫਾਈ ਹੀ ਨਹੀਂ ਕਰਦੇ ਹਨ।
ਪੰਜਾਬ ਵਿੱਚ ਕਰੀਬ 64 ਸਰਕਾਰੀ ਕਾਲਜ ਹਨ, ਜਿੰਨਾਂ 'ਚੋਂ ਕੁਝ ਕਾਲਜਾਂ ਤੋਂ ਆਰਟੀਆਈ ਰਾਹੀ ਜਾਣਕਾਰੀ ਮੰਗੀ ਗਈ ਸੀ। ਜਿਸ 'ਚ ਕਈ ਅਹਿਮ ਖੁਲਾਸੇ ਹੋਏ ਹਨ। ਸਰਕਾਰ ਦਿੱਲੀ ਮਾਡਲ ਦੀ ਗੱਲ ਕਰਦੀ ਹੈ ਪਰ ਜ਼ੀਰਾ ਦਾ ਸਰਕਾਰੀ ਕਾਲਜ ਜਿਥੇ ਇੱਕ ਵੀ ਪੱਕਾ ਪ੍ਰੋਫੈਸਰ ਨਹੀਂ ਹੈ, ਜਾਂ ਤਾਂ ਗੈਸਟ ਫੈਕਲਟੀ ਹਨ ਜਾਂ ਫਿਰ ਅਡਹਾਕ ਪੱਧਰ 'ਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਥੇ ਜੋ ਪ੍ਰਿੰਸੀਪਲ ਹੈ ਉਹ ਵੀ ਪੱਕਾ ਨਹੀਂ ਹੈ। ਮਲੇਰਕੋਟਲਾ ਦਾ ਕੋਈ ਪ੍ਰਿੰਸੀਪਲ ਹੈ, ਜਿਸ ਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ ਹੈ। ਇਸ ਤੋਂ ਵੱਡੀ ਹੈਰਾਨੀ ਕਿ ਇੱਕ ਕਾਲਜ 'ਚ 687 ਅੰਗਰੇਜੀ ਦੇ ਬੱਚੇ ਹਨ ਤੇ ਉਥੇ ਅੰਗਰੇਜੀ ਦਾ ਇੱਕ ਵੀ ਪ੍ਰੋਫੈਸਰ ਨਹੀਂ ਹੈ।-ਰਾਜਨਦੀਪ ਸਿੰਘ,ਆਰਟੀਆਈ ਕਾਰਕੁੰਨ
ਪ੍ਰਾਈਵੇਟ ਕਾਲਜਾਂ ਨੂੰ ਪ੍ਰਫੁੱਲਿਤ ਕਰ ਰਹੀ ਸਰਕਾਰ: ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਆਖਿਰ ਬਿਨਾਂ ਪ੍ਰੋਫੈਸਰਾਂ ਤੋਂ ਵਿਦਿਆਰਥੀ ਸਿੱਖਿਆ ਕਿਵੇਂ ਹਾਸਿਲ ਕਰਨਗੇ ਅਤੇ ਕਿਵੇਂ ਸਿੱਖਿਆ ਦਾ ਮਿਆਰ ਉੱਚਾ ਜਾਵੇਗਾ। ਪੰਜਾਬ ਵਿੱਚ ਪ੍ਰਾਈਵੇਟ ਸੰਸਥਾਵਾਂ ਦੀ ਗੱਲ ਕਰੀ ਜਾਵੇ ਤਾਂ 64 ਸਰਕਾਰੀ ਕਾਲਜਾਂ ਦੇ ਮੁਕਾਬਲੇ 700 ਦੇ ਕਰੀਬ ਪ੍ਰਾਈਵੇਟ ਕਾਲਜ ਖੁੱਲੇ ਹੋਏ ਹਨ। ਜਦੋਂ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰ ਅਤੇ ਹੋਰ ਸਹੂਲਤਾਂ ਮੌਜੂਦ ਨਹੀਂ ਹੋਣਗੀਆਂ ਤਾਂ ਵਿਦਿਆਰਥੀ ਉੱਥੇ ਕਿਉਂ ਆਉਣਗੇ। ਹੌਲੀ ਹੌਲੀ ਇਹ ਸਿੱਖਿਆ ਸੰਸਥਾਵਾਂ ਬੰਦ ਹੋ ਜਾਣਗੀਆਂ ਅਤੇ ਪੰਜਾਬ ਵਿੱਚ ਪ੍ਰਾਈਵੇਟ ਸਿੱਖਿਆ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਤਰੱਕੀ ਕਰਨਗੀਆਂ ਅਤੇ ਪੰਜਾਬ ਵਿੱਚ ਸਿੱਖਿਆ ਹੋਰ ਮਹਿੰਗੀ ਹੋ ਜਾਵੇਗੀ।
ਸਿੱਖਿਆ 'ਚ ਹਰਿਆਣਾ ਹੋਇਆ ਅੱਗੇ: ਉਹਨਾਂ ਨਾਲ ਲੱਗਦੇ ਸੂਬੇ ਹਰਿਆਣੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਹਰਿਆਣੇ ਵਿੱਚ 180 ਸਰਕਾਰੀ ਕਾਲਜ ਹਨ ਅਤੇ 180 ਹੀ ਪ੍ਰਾਈਵੇਟ ਕਾਲਜ ਹਨ। ਜੇਕਰ ਪ੍ਰੋਫੈਸਰਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀਂ ਹੀ 2424 ਪੋਸਟਾਂ ਹਰਿਆਣੇ ਵੱਲੋਂ ਪ੍ਰੋਫੈਸਰਾਂ ਦੀਆਂ ਕੱਢੀਆਂ ਗਈਆਂ ਹਨ ਕਿਉਂਕਿ ਹਰਿਆਣਾ ਹਰ 10 ਕਿਲੋਮੀਟਰ 'ਤੇ ਇੱਕ ਸਰਕਾਰੀ ਦੀ ਤਰਜ 'ਤੇ ਕੰਮ ਕਰ ਰਿਹਾ ਹੈ ਅਤੇ ਹਰਿਆਣਾ ਪੰਜਾਬ ਨਾਲੋਂ ਕਿਤੇ ਨਾ ਕਿਤੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਦੇ ਪਿੱਛੇ ਵੱਡਾ ਕਾਰਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਨੂੰ ਅਣਦੇਖਿਆ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਕਾਲਜਾਂ ਵਿਚਲੀਆਂ ਪੋਸਟਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਫਿਰ ਹੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾ ਸਕੇਗਾ।
- ਅੰਮ੍ਰਿਤਪਾਲ ਦੇ ਪਿਤਾ ਪਹੁੰਚੇ ਹਰਿਮੰਦਰ ਸਾਹਿਬ, ਬੰਦੀ ਸਿੱਖਾਂ ਨੂੰ ਆਜ਼ਾਦ ਕਰਵਾਉਣ ਲਈ ਕੀਤੀ ਅਰਦਾਸ, ਕਿਹਾ- ਸੀਐਮ ਗਲਤ ਬੋਲ ਰਹੇ ਹਨ, ਸਿੱਖ ਅਜੇ ਵੀ ਜੇਲ੍ਹਾਂ ਵਿੱਚ ਹਨ - AMRITPAL FATHER IN GOLDEN TEMPLE
- ਫਰੀਦਕੋਟ 'ਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ 'ਖੇਡਾਂ ਵਤਨ ਪੰਜਾਬ ਦੀਆਂ' ਦਾ ਸ਼ਾਨਦਾਰ ਆਗਾਜ਼ - Kheddan Wattan Punjab Diyan
- ਕੰਗਨਾ ਰਣੌਤ ਦੀ ਐਮਰਜੈਂਸੀ ਦਾ ਵਿਵਾਦ ਪਹੁੰਚਿਆ ਪੰਜਾਬ-ਹਰਿਆਣਾ ਹਾਈਕੋਰਟ, ਫਿਲਮ 'ਤੇ ਪਾਬੰਦੀ ਲਗਾਉਣ ਲਈ ਪਟੀਸ਼ਨ ਦਾਇਰ - Emergency Movie Controversy