ਮਾਨਸਾ: ਜ਼ਿਲ੍ਹੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਮਾਨਸਾ ਸ਼ਹਿਰ ਵਿੱਚ ਵਿਧਾਇਕ ਡਾਕਟਰ ਵਿਜੇ ਸਿੰਗਲਾ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਤਿੱਖਾ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਸ਼ਹਿਰ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ
ਦੱਸ ਦਈਏ ਕਿ ਮਾਨਸਾ ਸ਼ਹਿਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬੱਸ ਸਟੈਂਡ ਚੌਂਕ ਦੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਣ ਦੀ ਬਜਾਏ ਦਿਨੋ ਦਿਨ ਸੀਵਰੇਜ ਦੀ ਸਮੱਸਿਆ ਸ਼ਹਿਰ ਵਾਸੀਆਂ ਦੇ ਲਈ ਗਲੇ ਦੀ ਹੱਡੀ ਬਣ ਰਹੀ ਹੈ। ਅੱਜ ਮਾਨਸਾ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵਿਧਾਇਕ ਵਿਜੇ ਸਿੰਗਲਾ ਦੇ ਘਰ ਦੇ ਬਾਹਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਸੀਵਰੇਜ ਦੀ ਸਮੱਸਿਆ ਸ਼ਹਿਰ ਵਾਸੀਆਂ ਦੇ ਲਈ ਵੱਡੀ ਸਿਰਦਰਦੀ
ਵਿਰੋਧ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਸ਼ਹਿਰ ਵਾਸੀਆਂ ਦੇ ਲਈ ਵੱਡੀ ਸਿਰਦਰਦੀ ਬਣ ਚੁੱਕੀ ਹੈ। ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਸਰਕਾਰ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਜਿਸ ਕਾਰਨ ਸ਼ਹਿਰ ਵਾਸੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਏ ਹਨ। ਉਹਨਾਂ ਕਿਹਾ ਕਿ ਅੱਜ ਵਿਧਾਇਕ ਵਿਜੇ ਸਿੰਗਲਾ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਰਕਾਰ ਦੇ ਖਿਲਾਫ ਤਿੱਖਾ ਅੰਦੋਲਨ ਸ਼ੁਰੂ ਕਰਨ ਦੇ ਲਈ ਮਜਬੂਰ ਹੋਣਗੇ।