ਖੰਨਾ (ਲੁਧਿਆਣਾ): ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਖੰਨਾ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਵਰਮਾ ਨੇ ਅੱਗੇ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ 132 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਇਸ ਵਿੱਚੋਂ ਕੱਲ੍ਹ ਸ਼ਾਮ ਤੱਕ ਮੰਡੀਆਂ ਵਿੱਚ 66.8 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਭਾਵ ਮੰਡੀਆਂ ਵਿੱਚ ਸੰਭਾਵਿਤ ਆਮਦ ਨਾਲੋਂ ਅੱਧੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ 91 ਫੀਸਦ ਭਾਵ 60.9 ਲੱਖ ਮੀਟ੍ਰਿਕ ਟਨ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਸ੍ਰੀ ਵਰਮਾ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਆਮਦ ਦੇ 24 ਘੰਟਿਆਂ ਦੇ ਅੰਦਰ-ਅੰਦਰ ਫਸਲ ਦੀ ਸਾਫ-ਸਫਾਈ, ਖਰੀਦ ਅਤੇ ਤੋਲਾਈ ਕੀਤੀ ਜਾ ਰਹੀ ਹੈ। ਇਸ ਉਪਰੰਤ ਕਿਸਾਨ ਮੰਡੀ ਵਿੱਚੋਂ ਜਾ ਸਕਦੇ ਹਨ। ਖਰੀਦ ਦੇ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਤਹਿਤ ਭੁਗਤਾਨ ਕੀਤਾ ਜਾ ਰਿਹਾ ਹੈ।
ਅਨੁਰਾਗ ਵਰਮਾ ਨੇ ਅੱਗੇ ਦੱਸਿਆ ਕਿ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕਰਨ ਦੇ ਨਿਯਮਾਂ ਅਨੁਸਾਰ ਕਿਸਾਨਾਂ ਨੂੰ 7950 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਾਕੀ ਹੈ। ਇਸ ਦੇ ਉਲਟ ਕਿਸਾਨਾਂ ਨੂੰ 9170 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਦਾ ਭਾਵ ਕਈ ਮਾਮਲਿਆਂ ਵਿੱਚ ਕਿਸਾਨਾਂ ਨੂੰ 48 ਘੰਟੇ ਤੋਂ ਪਹਿਲਾਂ ਹੀ ਅਦਾਇਗੀ ਕੀਤੀ ਗਈ ਹੈ। ਹੁਣ ਤੱਕ 4 ਲੱਖ ਤੋਂ ਵੱਧ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ।
ਮੁੱਖ ਸਕੱਤਰ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਭਮੱਦੀ ਦੇ ਕਿਸਾਨ ਸੁਖਦੀਪ ਸਿੰਘ ਪੁੱਤਰ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਇਆ ਸੀ। ਅੱਜ ਉਸ ਦੀ ਫਸਲ ਦੁਪਹਿਰ 12:30 ਵਜੇ ਖਰੀਦੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪਿੰਡ ਹੁਸੈਨਪੁਰ ਦੇ ਕਿਸਾਨ ਨਰਿੰਦਰ ਸਿੰਘ ਪੁੱਤਰ ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ 7:30 ਵਜੇ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਇਆ ਸੀ। ਉਸ ਦੀ ਫਸਲ ਦੁਪਹਿਰ 12:40 ਵਜੇ ਖਰੀਦੀ ਗਈ ਸੀ। ਮੰਡੀ ਵਿੱਚ ਮੌਜੂਦ ਜ਼ਿਆਦਾਤਰ ਕਿਸਾਨ ਅੱਜ ਹੀ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਸਨ।
ਵਰਮਾ ਨੇ ਅੱਗੇ ਦੱਸਿਆ ਕਿ ਵਾਢੀ ਵਿੱਚ ਦੇਰੀ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਵਿੱਚ ਮੱਠੀ ਸੀ ਅਤੇ ਅਚਾਨਕ ਆਮਦ ਤੇਜ਼ ਹੋ ਗਈ ਪਰ ਸੂਬਾ ਸਰਕਾਰ ਇਸ ਸਬੰਧੀ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਪਿਛਲੇ ਸਾਲ ਇੱਕ ਦਿਨ ਵਿੱਚ ਫਸਲ ਦੀ ਸਭ ਤੋਂ ਵੱਧ ਚੁੱਕਾਈ 4.8 ਲੱਖ ਮੀਟ੍ਰਿਕ ਟਨ ਸੀ। ਇਸ ਦੇ ਮੁਕਾਬਲੇ ਕੱਲ੍ਹ ਫਸਲ ਦੀ ਚੁਕਾਈ ਇਸ ਹੱਦ ਨੂੰ ਪਾਰ ਕਰਕੇ 5.5 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਈ।
ਵਰਮਾ ਨੇ ਅੱਗੇ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਅਤੇ ਫਸਲ ਦੀ ਚੁੱਕਾਈ ਨੂੰ 6.5 ਲੱਖ ਮੀਟ੍ਰਿਕ ਟਨ ਪ੍ਰਤੀ ਦਿਨ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਖੰਨਾ ਮੰਡੀ ਵਿੱਚ ਕੱਲ੍ਹ ਸ਼ਾਮ ਤੱਕ 54 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਇਸ ਵਿੱਚੋਂ 100 ਫੀਸਦੀ ਫਸਲ ਦੀ ਖਰੀਦ ਹੋ ਚੁੱਕੀ ਹੈ। 48 ਘੰਟਿਆਂ ਅੰਦਰ ਕਿਸਾਨਾਂ ਨੂੰ 52 ਕਰੋੜ ਰੁਪਏ ਦਿੱਤੇ ਜਾਣੇ ਸਨ। ਇਸ ਦੇ ਉਲਟ ਕਿਸਾਨਾਂ ਨੂੰ 72 ਕਰੋੜ ਰੁਪਏ ਪਹਿਲਾਂ ਹੀ ਅਦਾਇਗੀ ਕੀਤੀ ਜਾ ਚੁੱਕੀ ਹੈ।
- ਨੌਜਵਾਨ ਕੋਲ ਕਰੀਬ 40 ਸਾਲ ਪੁਰਾਣੇ ਸਕੂਟਰ ਤੇ ਮੋਟਰ ਸਾਇਕਲਾਂ ਦੀ ਕੁਲੈਕਸ਼ਨ, ਤਸਵੀਰਾਂ ਵੇਖ ਯਾਦ ਆਵੇਗਾ ਪੁਰਾਣਾ ਸਮਾਂ - Old Scooters Collections
- ਆਖਿਰਕਾਰ ਕਿਉਂ ਕਿਸਾਨਾਂ ਨੂੰ ਪੂਸਾ 44 ਦੀ ਥਾਂ 'ਤੇ ਪੀਆਰ ਕਿਸਮਾਂ ਲਾਉਣ ਲਈ ਕੀਤਾ ਜਾ ਰਿਹੈ ਉਤਸ਼ਾਹਿਤ ? ਵੇਖੋ ਖਾਸ ਰਿਪੋਰਟ - new Paddy variety
- ਸੀਐਮ ਮਾਨ ਆਪਣੀ ਧੀ ਨਿਆਮਤ ਤੇ ਪਰਿਵਾਰ ਸਣੇ ਪਹੁੰਚੇ ਗੁਰੂ ਨਗਰੀ, ਜਾਣੋ ਉਨ੍ਹਾਂ ਦਾ ਅਗਲਾ ਪਲਾਨ - CM Mann Daughter Niyamat
ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦੀ ਤੁਰੰਤ ਖਰੀਦ ਅਤੇ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜੇਕਰ ਕਿਸੇ ਵੀ ਕਿਸਾਨ ਨੂੰ ਖਰੀਦ ਜਾਂ ਅਦਾਇਗੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਰਕਾਰ ਦੇ ਟੋਲ ਫਰੀ ਨੰਬਰ 1100 'ਤੇ ਸੂਚਨਾ ਦੇ ਸਕਦਾ ਹੈ। ਕਿਸਾਨ ਵੱਲੋਂ ਦਿੱਤੀ ਗਈ ਸੂਚਨਾ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਪੁਨੀਤ ਗੋਇਲ, ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਵੀ ਹਾਜ਼ਰ ਸਨ।