ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸ਼ਹਿਰ ਵਿੱਚ ਆਪਣੇ ਨਿਵਾਸ ਸਥਾਨ ਵਿਖੇ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਇਨ੍ਹਾਂ ਸ਼ਿਕਾਇਤਾਂ ਦੇ ਹੱਲ ਲਈ ਢੁਕਵੇਂ ਨਿਰਦੇਸ਼ ਵੀ ਜਾਰੀ ਕੀਤੇ।
ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ: ਮੁੱਖ ਮੰਤਰੀ ਨੇ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਪਣੀ ਕਿਸਮ ਦੀ ਇਸ ਪਹਿਲ ਦਾ ਉਦੇਸ਼ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰਾਂ ਚੰਡੀਗੜ੍ਹ ਤੋਂ ਨਹੀਂ ਚੱਲ ਰਹੀਆਂ ਸਗੋਂ ਸੂਬੇ ਭਰ ਦੇ ਸ਼ਹਿਰਾਂ ਤੇ ਕਸਬਿਆਂ ਤੋਂ ਚਲਾਈਆਂ ਜਾ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪਿੰਡਾਂ ਦਾ ਦੌਰਾ ਕਰ ਰਹੇ ਹਨ ਜਦਕਿ ਪਹਿਲਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਲੰਧਰ ਵਿੱਚ ਆਪਣੀ ਰਿਹਾਇਸ਼ ਰੱਖੀ ਹੈ ਤਾਂ ਜੋ ਮਾਝਾ ਅਤੇ ਦੁਆਬਾ ਖੇਤਰ ਦੇ ਲੋਕ ਆਪਣੇ ਕੰਮ ਬਿਨਾਂ ਕਿਸੇ ਦਿੱਕਤ ਦੇ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਇੱਥੇ ਸ਼ਿਕਾਇਤਾਂ ਲੈ ਕੇ ਆ ਰਹੇ ਹਨ, ਉਨ੍ਹਾਂ ਦੇ ਸਾਰੇ ਕੰਮ ਸੁਚਾਰੂ ਢੰਗ ਨਾਲ ਹੋ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਕੀਮ ਤਸੱਲੀਬਖ਼ਸ਼ ਨਤੀਜੇ ਦੇ ਰਹੀ ਹੈ ਅਤੇ ਜਿੱਥੇ ਇੱਕ ਪਾਸੇ ਲੋਕਾਂ ਦੇ ਮਸਲੇ ਹੱਲ ਹੋ ਰਹੇ ਹਨ ਉਥੇ ਹੀ ਸਰਕਾਰ ਨੂੰ ਫੀਡਬੈਕ ਵੀ ਮਿਲ ਰਹੀ ਹੈ।
ਲੋਕਾਂ ਨੇ ਮੁੱਖ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ: ਇਸ ਦੌਰਾਨ ਲੁਧਿਆਣਾ ਤੋਂ ਆਈ ਇੱਕ ਔਰਤ ਨੇ ਮੁੱਖ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਉਸ ਦਾ ਮਾਮਲਾ ਸਾਲਾਂ ਤੋਂ ਲਟਕਿਆ ਹੋਇਆ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਉਸ ਦਾ ਕੰਮ ਕਰਵਾਉਣ ਦੀ ਖੇਚਲ ਨਹੀਂ ਕੀਤੀ। ਉਸਨੇ ਕਿਹਾ ਕਿ ਹੁਣ ਮੁੱਖ ਮੰਤਰੀ ਨੇ ਧੀਰਜ ਨਾਲ ਉਸਦੀ ਦੀ ਗੱਲ ਸੁਣੀ ਹੈ ਅਤੇ ਉਸਦਾ ਦਾ ਕੰਮ ਕਰਵਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੂੰ ਮਿਲਣ ਆਈ ਸੁਖਵਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਹ ਇੱਕ ਸ਼ਲਾਘਾਯੋਗ ਕਦਮ ਹੈ। ਉਸਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲਕਦਮੀ ਬੇਮਿਸਾਲ ਹੈ ਕਿਉਂਕਿ ਹੋਰ ਕਿਸੇ ਵੀ ਆਗੂ ਨੇ ਇਸ ਬਾਰੇ ਸੋਚਿਆ ਤੱਕ ਨਹੀਂ।
ਪਿੰਡ ਕੋਟ ਕਲਾਂ ਤੋਂ ਆਈ ਇੱਕ ਹੋਰ ਔਰਤ ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਹੀ ਉਸ ਨੂੰ ਸਹੁਰਿਆਂ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਚੁੱਕੀ ਹੈ, ਜਿਨ੍ਹਾਂ ਨੇ ਉਸਦੀ ਸਮੱਸਿਆ ਦੇ ਜਲਦੀ ਹੱਲ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਉਪਰਾਲਾ ਸੂਬੇ ਦੇ ਵਸਨੀਕਾਂ ਖਾਸ ਕਰਕੇ ਆਮ ਆਦਮੀ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਵਿਲੱਖਣ ਪਹਿਲਕਦਮੀ ਦੀ ਹੋਈ ਸ਼ਲਾਘਾ: ਇਸ ਦੌਰਾਨ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਨੌਜਵਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਸਿਪਾਹੀ ਸਨ ਜੋ ਸਰਵਿਸ ਦੌਰਾਨ ਇੱਕ ਦੁਰਘਟਨਾ ਕਾਰਨ ਅਪਾਹਜ ਹੋ ਗਏ ਸਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਤਰਸ ਦੇ ਆਧਾਰ 'ਤੇ ਨੌਕਰੀ ਦੀ ਮੰਗ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਸ ਦੀ ਸਾਰੀ ਗੱਲ ਨੂੰ ਹਮਦਰਦੀ ਨਾਲ ਸੁਣਿਆ ਅਤੇ ਉਸ ਦਾ ਮਾਮਲਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਸ ਨੇ ਦੱਸਿਆ ਕਿ ਇਹ ਇੱਕ ਵਧੀਆ ਉਪਰਾਲਾ ਹੈ, ਜਿਸ ਨਾਲ ਆਮ ਆਦਮੀ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਗੁਰਦਾਸਪੁਰ ਦੇ ਇੱਕ ਹੋਰ ਵਿਅਕਤੀ ਨੇ ਵੀ ਮੁੱਖ ਮੰਤਰੀ ਦੀ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਅਜਿਹੇ ਕੈਂਪ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
- ਅੰਮ੍ਰਿਤਸਰ 'ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਚੱਲੀਆਂ ਗੋਲੀਆਂ, ਪੀੜਤ ਪਰਿਵਾਰ ਨੇ 'ਆਪ' ਪਾਰਟੀ 'ਤੇ ਲਾਇਆ ਵੱਡਾ ਇਲਜ਼ਾਮ, ਮੌਕੇ ਦੀ ਵੀਡੀਓ - Shot fired in Amritsar
- 15 ਅਗਸਤ ਦੇ ਢਾਈ ਦਿਨ ਬਾਅਦ ਪੰਜਾਬ ਦੇ ਇਹ ਦੋ ਜ਼ਿਲ੍ਹੇ ਹੋਏ ਸਨ ਪਾਕਿਸਤਾਨ ਤੋਂ ਮੁਕਤ, ਇੱਥੇ ਪੜ੍ਹੋ ਅਜ਼ਾਦੀ ਦਾ ਰੌਚਕ ਕਿੱਸਾ - pathankot and gurdaspur history
- ਪੰਜਾਬ 'ਚ ਖਾਰੇ ਪਾਣੀ ਨੇ ਕਿਸਾਨਾਂ ਦੀ ਬਦਲੀ ਕਿਸਮਤ, ਝੀਂਗਾ ਪਾਲਣ ਨਾਲ ਇੱਕ ਏਕੜ 'ਚੋਂ ਕਮਾ ਰਹੇ ਨੇ 4 ਲੱਖ ਰੁਪਏ - Shrimp production in Punjab
ਰਈਆ ਦੇ ਇੱਕ ਵਿਅਕਤੀ ਨੇ ਆਪਣੇ ਸ਼ਹਿਰ ਵਿੱਚ ਪੀ.ਐਸ.ਪੀ.ਸੀ.ਐਲ. ਸਬੰਧੀ ਮੁੱਦੇ ਨੂੰ ਉਠਾਇਆ ਅਤੇ ਮੁੱਖ ਮੰਤਰੀ ਨੂੰ ਉਸਦੀ ਸਮੱਸਿਆ ਦੇ ਤੁਰੰਤ ਹੱਲ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਗੁਰਦਾਸਪੁਰ ਤੋਂ ਅਸ਼ਵਨੀ ਕੁਮਾਰ ਨੇ ਵੀ ਆਮ ਆਦਮੀ ਦੀ ਭਲਾਈ ਨੂੰ ਯਕੀਨੀ ਬਣਾਉਣ ਵਾਸਤੇ ਇਸ ਇਤਿਹਾਸਕ ਪਹਿਲਕਦਮੀ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਜਲੰਧਰ ਤੋਂ ਵਿਜੇ ਕੁਮਾਰ ਨੇ ਵੀ ਮੁੱਖ ਮੰਤਰੀ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੁੱਕੇ ਇਸ ਵਿਸ਼ੇਸ਼ ਕਦਮ ਦੀ ਸ਼ਲਾਘਾ ਕੀਤੀ।
ਅਮਨਪ੍ਰੀਤ ਕੌਰ ਨਿੱਝਰ ਨੇ ਦੱਸਿਆ ਕਿ ਉਸ ਦੇ ਚਾਚਾ ਨੇ 2016 ਵਿੱਚ ਟਿਊਬਵੈੱਲ ਕੁਨੈਕਸ਼ਨ ਲਈ ਅਪਲਾਈ ਕੀਤਾ ਸੀ ਪਰ ਥਾਂ-ਥਾਂ `ਤੇ ਗੇੜੇ ਕੱਢਣ ਦੇ ਬਾਵਜੂਦ ਵੀ ਇਸ ਦਾ ਹੱਲ ਨਹੀਂ ਹੋਇਆ। ਉਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲੇ ਹਨ, ਜਿਨ੍ਹਾਂ ਨੇ ਇਹ ਕੰਮ ਪਹਿਲ ਦੇ ਆਧਾਰ 'ਤੇ ਕਰਨ ਦੇ ਹੁਕਮ ਦਿੱਤੇ ਹਨ। ਜਲੰਧਰ ਤੋਂ ਸੁਖਜੀਤ ਸਿੰਘ ਵਾਲੀਆ ਨੇ ਵੀ ਮੁੱਖ ਮੰਤਰੀ ਦੇ ਇਸ ਅਹਿਮ ਉਪਰਾਲੇ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰ ਹੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ਲਾਘਾ ਕੀਤੀ।