ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ 'ਚ ਰੌਣਕ ਹੈ। ਉਸ ਦੀ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੇ ਜਨਮ ਹੋਣ ਤੇ ਸ਼ੁਭਦੀਪ ਨੂੰ ਚਾਹੁਣ ਵਾਲਿਆਂ ਨੂੰ ਦਿੱਤੀ ਵਧਾਈ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦੇ ਕਤਲ: 29 ਮਈ 2022 ਨੂੰ ਹਿੰਦੁਸਤਾਨ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੱਧੂ ਮੂਸੇ ਵਾਲਾ ਤੇ ਕੁਝ ਗੈਂਗਸਟਰਾਂ ਵੱਲੋਂ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਲਗਭਗ ਦੋ ਸਾਲ ਬੀਤ ਜਾਣ ਤੇ ਜਿੱਥੇ ਘਰ ਦਾ ਚਿਰਾਗ ਬੁਝਿਆ ਉੱਥੇ ਹੀ ਸ਼ੁਭਦੀਪ ਦੇ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਲਗਾਤਾਰ ਭਟਕ ਰਹੇ ਸੀ।
ਭਰੇ ਗਲੇ ਨਾਲ ਹੋਏ ਮੀਡੀਆ ਦੇ ਰੂਬਰੂ: ਅੱਜ ਫਿਰ ਦੁਬਾਰਾ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜਿਸ ਤੇ ਉਨ੍ਹਾਂ ਨੇ ਮੀਡੀਆ ਨਾਲ ਖੁਸ਼ੀ ਸਾਂਝੇ ਕਰਦੇ ਹੋਏ ਭਰੇ ਹੋਏ ਗਲ ਨਾਲ ਆਪਣੇ ਪੁੱਤਰ ਦੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਹੀ ਸ਼ੁਭਦੀਪ ਇਸ ਦੁਨੀਆਂ ਤੋਂ ਗਿਆ ਹੈ, ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ, ਹਰੇਕ ਭੈਣ ਨੇ ਉਸਨੂੰ ਆਪਣਾ ਭਰਾ ਮੰਨਿਆ ਸੀ, ਤੇ ਹਰ ਮਾਂ- ਪਿਓ ਦਾ ਪੁੱਤ ਬਣ ਚੁੱਕਾ ਸੀ। ਉਨ੍ਹਾਂ ਕਿ ਮੈਨੂੰ ਉਸਦਾ ਬਾਪ ਹੋਣ ਤੇ ਵੀ ਸਮਝ ਨਹੀਂ ਸਕਿਆ। ਪਰ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਸ ਦਿਨ ਉਸਦੇ ਸੰਸਕਾਰ ਤੇ ਹੋਈਆ ਭੀੜਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਇਹ ਥੋੜਾਂ ਨਹੀਂ ਬਲਕਿ ਇਹ ਤਾਂ ਲੱਖਾਂ, ਅਰਬਾਂ, ਕਰੋੜਾਂ ਲੋਕਾਂ ਦੇ ਦਿਲ ਵਿੱਚ ਵੱਸਦਾ ਹੈ।
'ਛੋਟੇ ਪੁੱਤਰ ਦੀ ਖੁਸ਼ੀ ਵੀ ਤੇ ਜਵਾਨ ਪੁੱਤ ਗੈਂਗਸਟਰਾਂ ਦੀ ਬਲੀ ਚੜਿਆ ਉਸ ਦਾ ਦੁੱਖ ਵੀ': ਉਨ੍ਹਾਂ ਕਿਹਾ ਕਿ ਜਿੱਥੇ ਮੈਨੂੰ ਇਸ ਪੁੱਤਰ ਹੋਣ ਦੀ ਖੁਸ਼ੀ ਹੈ ਉੱਥੇ ਹੀ ਮੇਰਾ ਜਵਾਨ ਪੁੱਤ ਜੋ ਗੈਂਗਸਟਰਾਂ ਦੀ ਬਲੀ ਚੜ ਗਿਆ ਸੀ ਤਾਂ ਉਸ ਦਾ ਦੁੱਖ ਵੀ ਹੈ। ਉਨ੍ਹਾਂ ਨੇ ਆਪਣੇ ਜਵਾਨ ਪੁੱਤ ਦੀ ਮੌਤ ਦਾ ਗਿਲਾ ਜਿੱਥੇ ਸਰਕਾਰਾਂ ਨਾਲ ਕੀਤਾ ਉੱਥੇ ਹੀ ਲੰਬੇ ਸਮੇਂ ਤੋਂ ਇਨਸਾਫ਼ ਨਾ ਮਿਲਣ ਤੇ ਇਤਰਾਜ ਵੀ ਜਤਾਇਆ ਹੈ। ਉਨ੍ਹਾਂ ਨੇ ਪੁੱਤਰ ਦੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਮੈਨੂੰ ਹੌਸਲਾ ਜਰੂਰ ਮਿਲ ਗਿਆ ਕਿ ਔਲਾਦ ਬਿਨਾਂ ਘਰ ਵਿੱਚ ਕੁਝ ਨਹੀਂ ਹੈ। ਬਲਕੌਰ ਸਿੰਘ ਦੇ ਨਾਲ ਉਨ੍ਹਾਂ ਦੇ ਵੱਡੇ ਭਰਾ ਵੀ ਮੌਜੂਦ ਸਨ ਅਤੇ ਗੱਲਬਾਤ ਕਰਦੇ ਹੋਏ ਖੁਸ਼ੀਆਂ ਦੇ ਨਾਲ ਦੁੱਖ ਵੀ ਪ੍ਰਗਟ ਕੀਤਾ।
'ਬੱਚਾ ਅਤੇ ਮਾਤਾ ਦੋਨੇਂ ਤੰਦਰੁਸਤ': ਸਿੱਧੂ ਮੂਸੇਵਾਲਾ ਦੀ ਮਾਤਾ ਦਾ ਇਲਾਜ ਕਰਨ ਵਾਲੇ ਡਾਕਟਰ ਰਜਨੀ ਜਿੰਦਲ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਮਾਤਾ ਪ੍ਰੈਗਨੈਂਸੀ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ ਸੀ ਅਤੇ ਅੱਜ ਮਾਤਾ ਚਰਨ ਕੌਰ ਵੱਲੋਂ ਲੜਕੇ ਨੂੰ ਜਨਮ ਦਿੱਤਾ ਗਿਆ। ਬੱਚਾ ਅਤੇ ਮਾਤਾ ਦੋਨੇਂ ਤੰਦਰੁਸਤ ਹਨ ਉਹਨਾਂ ਕਿਹਾ ਕਿ ਮਾਤਾ ਚਰਨ ਕੌਰ ਦੇ ਕੇਸ ਨੂੰ ਬੜਾ ਹੀ ਬਰੀਕੀ ਅਤੇ ਸੋਚ ਸਮਝ ਕੇ ਕਰਨਾ ਪਿਆ ਹੈ।
ਵਧਾਈ ਦੇਣ ਪਹੁੰਚੇ ਰਾਜਾ ਵੜਿੰਗ: ਸਿੱਧੂ ਮੂਸੇ ਵਾਲਾ ਪਰਿਵਾਰ ਨੂੰ ਅੱਜ ਵਧਾਈ ਦੇਣ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਖੁਸ਼ੀ ਦੇ ਪਲ ਸਨ ਪੂਰੀ ਦੁਨੀਆਂ ਦੀਆਂ ਦੁਆਵਾਂ ਸਰਦਾਰ ਬਲਕੌਰ ਸਿੰਘ ਦੇ ਘਰ ਮੁੜ ਖੁਸ਼ੀਆਂ ਪਰਤੀਆਂ ਹਨ ਅਤੇ ਇਸ ਖੁਸ਼ੀ ਦੇ ਪਲ ਵਿੱਚ ਉਹ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ ਹਨ।