ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ 'ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਪਿੰਡ ਗੁਰੂ ਦੀ ਵਡਾਲੀ ਵਿਖੇ ਇੱਕ ਖੇਤ ਵਿੱਚ ਲਗਾਏ ਗਏ ਨਿਸ਼ਾਨ ਸਾਹਿਬ ਨੂੰ ਟਰੈਕਟਰ ਦੀ ਮਦਦ ਨਾਲ ਪੁੱਟਿਆ ਜਾ ਰਿਹਾ ਹੈ। ਇਸ ਨੂੰ ਹਟਾਉਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਪੁਲਿਸ ਨੇ ਚਾਰ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੁਣ ਇੱਕ ਧੜੇ ਨੇ ਇਲਜ਼ਾਮ ਲਾਇਆ ਹੈ ਕਿ ਜ਼ਮੀਨ ਹੜੱਪਣ ਲਈ ਧਰਮ ਦੀ ਵਰਤੋਂ ਕੀਤੀ ਜਾ ਰਹੀ ਹੈ।
ਅਸੀਂ ਕੋਈ ਬੇਅਦਬੀ ਨਹੀਂ ਕੀਤੀ: ਗੁਰੂ ਦੀ ਵਡਾਲੀ ਦੇ ਵਸਨੀਕ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਇਸ ਜ਼ਮੀਨ ’ਤੇ 1975 ਤੋਂ ਲਗਾਤਾਰ ਖੇਤੀ ਕਰ ਰਿਹਾ ਹੈ। ਇਹ ਜ਼ਮੀਨ ਉਸ ਸਮੇਂ ਦੇ ਸਰਪੰਚ ਵੱਲੋਂ ਵਰਤੋਂ ਲਈ ਦਿੱਤੀ ਗਈ ਸੀ। ਪਹਿਲਾਂ ਇਹ ਜ਼ਮੀਨ ਪੰਚਾਇਤ ਕੋਲ ਸੀ ਪਰ ਹੁਣ ਇਹ ਜ਼ਮੀਨ ਨਗਰ ਨਿਗਮ ਕੋਲ ਹੈ ਪਰ ਉਹ ਇਸ ਜ਼ਮੀਨ 'ਤੇ ਲਗਾਤਾਰ ਖੇਤੀ ਕਰਦਾ ਆ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਅਤੇ ਉਨ੍ਹਾਂ ਵਿਚਕਾਰ ਅਦਾਲਤੀ ਕੇਸ ਵੀ ਚੱਲ ਰਿਹਾ ਹੈ।
ਪਰ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇਸ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਸ਼ਾਨ ਸਾਹਿਬ ਲਗਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਇਹ ਨਿਸ਼ਾਨ ਸਾਹਿਬ ਸਾਫ਼-ਸੁਥਰੀ ਥਾਂ ’ਤੇ ਨਹੀਂ ਹੈ। ਲੋਕਾਂ ਦੇ ਇਤਰਾਜ਼ ਤੋਂ ਬਾਅਦ ਨਿਸ਼ਾਨ ਸਾਹਿਬ ਵਾਲੀ ਜਗ੍ਹਾ ਉੱਪਰ ਅਰਦਾਸ ਕੀਤੀ ਗਈ ਅਤੇ ਇਸ ਨੂੰ ਇੱਜ਼ਤ ਨਾਲ ਉਥੋਂ ਹਟਾ ਦਿੱਤਾ ਗਿਆ।
ਗੁਰਦੁਆਰੇ ਲਈ ਜਗ੍ਹਾ ਦਿੱਤੀ ਗਈ: ਪਰਮਜੀਤ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਵਰਤੋਂ ਕਰਨ ਦਾ ਅਧਿਕਾਰ ਹਰੇਕ ਨੂੰ ਹੈ। ਉਹੀ ਪਰਿਵਾਰ ਲੰਬੇ ਸਮੇਂ ਤੋਂ ਇਸ ਦੀ ਵਰਤੋਂ ਕਰ ਰਿਹਾ ਹੈ। ਜਦੋਂ ਉਸ ਵੇਲੇ ਦੇ ਸਰਪੰਚ ਨੇ ਜ਼ਮੀਨ ਦਿੱਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਬਣਨਾ ਚਾਹੀਦਾ ਹੈ ਪਰ ਦੂਜੀ ਧਿਰ ਨੇ ਇਸ ਦੀ ਦੁਰਵਰਤੋਂ ਕੀਤੀ ਅਤੇ ਉਥੇ ਕੋਈ ਧਾਰਮਿਕ ਸਥਾਨ ਨਹੀਂ ਬਣਾਇਆ।
ਸੰਗਤਾਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਜਿਸ ਨੂੰ ਦੂਸਰੀ ਧਿਰ ਵੱਲੋਂ ਬੇਇੱਜ਼ਤੀ ਨਾਲ ਹਟਾ ਦਿੱਤਾ ਗਿਆ। ਬੇਅਦਬੀ ਕਰਨ ਲਈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਸਦੇ ਹੁਕਮ ਹੀ ਅੰਤਿਮ ਹੁਕਮ ਹੋਣਗੇ।
'ਗੁਰਦੁਆਰਾ ਸਾਹਿਬ ਤਾਂ ਹੁਣ ਬਣ ਕੇ ਰਹੇਗਾ': ਟੈਰਕਟਰ ਨਾਲ ਨਿਸ਼ਾਨ ਸਾਹਿਬ ਦੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਧਾਰਮਿਕ ਆਗੂ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰ ਮੁਲਜ਼ਮਾਂ ਨੂੰ ਫੜਨ ਦੀ ਗੱਲ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਆਗੂ ਅਤੇ ਸੰਤ ਸਿਪਾਹੀ ਲੁਧਿਆਣਾ ਦੇ ਆਗੂ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਇਹ ਤਸਵੀਰਾਂ ਉਹਨਾਂ ਵੱਲੋਂ ਵੇਖੀਆਂ ਗਈਆਂ ਤਾਂ ਉਹਨਾਂ ਦਾ ਹਿਰਦਾ ਵਲੂੰਦਰਿਆ ਗਿਆ ਅਤੇ ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰ ਹੁਣ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਓਨੀ ਦੇਰ ਤੱਕ ਇਸੇ ਤਰ੍ਹਾਂ ਹੀ ਇੱਥੇ ਬੈਠ ਕੇ ਮੀਟਿੰਗ ਕਰ ਅੱਗੇ ਦੇ ਸੰਘਰਸ਼ ਲਈ ਵਿਚਾਰ ਕੀਤੇ ਜਾਣਗੇ ।
'ਗੁਰਦੁਆਰਾ ਸਾਹਿਬ ਨਹੀਂ ਬਣੇਗਾ ਤਾਂ ਕੁੱਝ ਵੀ ਨਹੀਂ ਬਣੇਗਾ': ਦੂਸਰੇ ਪਾਸੇ ਵਾਲਮੀਕੀ ਸਮਾਜ ਦੇ ਆਗੂ ਨਛੱਤਰ ਨਾਥ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜ਼ਮੀਨ ਤਾਂ ਬੇਸ਼ੱਕ ਨਗਰ ਨਿਗਮ ਵੱਲੋਂ ਜਿੱਤੀ ਗਈ ਹੈ, ਪਰ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਪਹਿਲਾਂ ਹੀ ਇੱਕ ਸਕੂਲ ਅਤੇ ਗੁਰਦੁਆਰਾ ਸਾਹਿਬ ਬਣਾਉਣ ਦੀ ਤਬਦੀਜ਼ ਰੱਖੀ ਗਈ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਨਹੀਂ ਬਣੇਗਾ ਤਾਂ ਕੁੱਝ ਵੀ ਨਹੀਂ ਬਣੇਗਾ। ਅੱਗੇ ਬੋਲਦੇ ਉਹਨਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਜਲਦ ਹੀ ਮੁਲਜ਼ਮ ਗ੍ਰਿਫਤਾਰ ਕੀਤੇ ਜਾਣ ਤਾਂ ਜੋ ਕਿ ਉਹਨਾਂ ਨੂੰ ਬਣਦੀ ਸਜ਼ਾ ਮਿਲ ਸਕੇ।
ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਵੀਡੀਓ ਵੇਖਣ ਤੋਂ ਬਾਅਦ ਚਾਰ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਪਹੁੰਚ ਕੇ ਬੇਹੱਦ ਦੁੱਖ ਵੀ ਲੱਗਾ ਹੈ ਕਿਉਂਕਿ ਲੋਕਾਂ ਨੂੰ ਜਾਣ ਬੁਝ ਕੇ ਇਸ ਜਗ੍ਹਾ 'ਤੇ ਬਰਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਸੱਚਾਈ ਨਹੀਂ ਦੱਸੀ ਜਾ ਰਹੀ। ਉਹਨਾਂ ਕਿਹਾ ਕਿ ਅਸੀਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਭੇਜਾਂਗੇ ਅਤੇ ਜੋ ਉਹਨਾਂ ਦੀ ਬਣਦੀ ਹੋਈ ਸਜ਼ਾ ਹੈ, ਉਹਨਾਂ ਨੂੰ ਜਰੂਰੀ ਦਿਵਾਈ ਜਾਵੇਗੀ।
ਕਦੋਂ ਹੋਣਗੇ ਮੁਲਜ਼ਮ ਸਲਾਖਾ ਪਿੱਛੇ?: ਇੱਥੇ ਦੱਸਣ ਯੋਗ ਹੈ ਕਿ ਜਦੋਂ ਦੀ ਇਹ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨਿਸ਼ਾਨ ਸਾਹਿਬ ਨੂੰ ਟਰੈਕਟਰ ਦੇ ਨਾਲ ਤੋੜਿਆ ਜਾ ਰਿਹਾ ਹੈ ਉਸ ਤੋਂ ਬਾਅਦ ਸਾਰੇ ਸਿੱਖ ਸਮਾਜ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਸਿੱਖ ਸਮਾਜ ਅਤੇ ਵਾਲਮੀਕੀ ਸਮਾਜ ਵੱਲੋਂ ਮੌਕੇ ਤੇ ਪਹੁੰਚ ਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਵੀ ਵਿਸ਼ਵਾਸ਼ ਦਿੱਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਸਲਾਖਾਂ ਪਿੱਛੇ ਭੇਜਿਆ ਜਾਂਦਾ ਹੈ।