ਲੁਧਿਆਣਾ: ਸਾਹਨੇਵਾਲ ਹਲਕੇ ਦੇ ਵਿੱਚ ਬੀਤੇ 6 ਮਹੀਨੇ ਪਹਿਲਾਂ ਦਰਜ ਹੋਏ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਦੇ ਗ੍ਰਿਫਤਾਰ ਨੂੰ ਨਾ ਕੀਤੇ ਜਾਣ ਨੂੰ ਲੈ ਕੇ ਲਗਾਤਾਰ ਪੀੜਿਤ ਪਰਿਵਾਰ ਅਤੇ ਕੁਝ ਸਮਾਜ ਸੇਵੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨ ਇਸ ਨੂੰ ਲੈ ਕੇ ਪਰਿਵਾਰ ਵੱਲੋਂ ਕੱਲ ਵੀ ਪ੍ਰਦਰਸ਼ਨ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤਾ ਗਿਆ, ਜਿੱਥੇ ਜੰਮ ਕੇ ਹੰਗਾਮਾ ਹੋਇਆ।
ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਹੀ ਪੁਤਲਾ ਫੂਕਿਆ ਗਿਆ
ਦੂਜੀ ਧਿਰ ਵੱਲੋਂ ਪੀੜਿਤ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਦੋਵਾਂ ਪਾਸਿਓ ਜੰਮ ਕੇ ਪੱਥਰ ਵੀ ਚੱਲਾਏ ਗਏ। ਅੱਜ ਮੁੜ ਤੋਂ ਸੋਨੂੰ ਪਹਿਲਵਾਨ ਦੇ ਨਾਲ ਪੀੜਿਤ ਪਰਿਵਾਰ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚ ਕੇ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਪੁਤਲੇ 'ਤੇ ਜੁੱਤੀਆਂ ਦਾ ਹਾਰ ਪਾਏ। ਉਸ ਦਾ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਹੀ ਪੁਤਲਾ ਫੂਕਿਆ ਗਿਆ।
ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ
ਪਰਿਵਾਰ ਨੇ ਇਲਜ਼ਾਮ ਲਗਾਏ ਕਿ ਛੇ ਮਹੀਨੇ ਬੀਤ ਜਾਣ ਦੇ ਮਗਰੋਂ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਉਨਾਂ ਨੂੰ ਜਾਨ ਦਾ ਖਤਰਾ ਹੈ। ਉਨ੍ਹਾਂ ਨੇ ਐਮਐਲਏ ਦੀ ਸ਼ਮੂਲੀਅਤ ਨੂੰ ਲੈ ਕੇ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਕੱਲ ਸਾਡੇ 'ਤੇ ਹਮਲਾ ਕੀਤਾ ਗਿਆ ਉਹ ਐਮਐਲਏ ਛੀਨਾ ਦੇ ਕਰੀਬੀ ਹਨ। ਉਸ ਦੇ ਨਾਲ ਜਨਮਦਿਨ ਦੀਆਂ ਪਾਰਟੀਆਂ ਕਰਦੇ ਹਨ। ਉਨ੍ਹਾਂ ਨੇ ਸਿੱਧਾ ਕਿਹਾ ਕਿ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੀੜਿਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਐਮਐਲਏ ਕਰਕੇ ਹੀ ਉਨ੍ਹਾਂ 'ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ
ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅੱਜ ਇਨ੍ਹਾਂ ਵੱਲੋਂ ਆਪਣਾ ਰੋਸ ਜਾਹਿਰ ਕੀਤਾ ਗਿਆ ਹੈ। ਛੇ ਸੱਤ ਮਹੀਨੇ ਪਹਿਲਾਂ ਸਾਹਨੇਵਾਲ ਪੁਲਿਸ ਸਟੇਸ਼ਨ ਦੇ ਅਧੀਨ ਮਾਮਲਾ ਦਰਜ ਹੋਇਆ ਸੀ। ਇਹ ਕੋਈ ਬਲਾਤਕਾਰ ਦਾ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਹਿਲਾਂ ਹੀ ਐਫ ਆਈ ਆਰ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਇਹ ਇੱਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੈਰੀਫਾਈ ਕਰ ਰਹੇ ਹਾਂ। ਇਨ੍ਹਾਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ।