ਬਠਿੰਡਾ: ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਵੋਟਿੰਗ ਇੱਕ ਜੂਨ ਨੂੰ ਹੋਣੀ ਹੈ, ਪਰ ਇਸ ਤੋਂ ਪਹਿਲਾਂ ਹੀ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਜੋਰਾਂ-ਸ਼ੋਰਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਇੱਕ ਦੂਸਰੀਆਂ ਪਾਰਟੀਆਂ ਦੇ ਸਿਆਸੀ ਲੋਕਾਂ ਨੂੰ ਆਪਣੀਆਂ-ਆਪਣੀਆਂ ਪਾਰਟੀਆਂ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ।
ਰਵੀਪ੍ਰੀਤ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ: ਬਠਿੰਡਾ ਵਿੱਚ ਅੱਜ ਬੀਜੇਪੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਬਠਿੰਡਾ ਦਿਹਾਤੀ ਦੇ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਭਾਜਪਾ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਹਨ। ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਰੱਖੇ ਗਏ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਰਵੀਪ੍ਰੀਤ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ।
ਰਵੀਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਵਿੱਚ ਵਿੱਚ ਘੁਟਣਾ ਮਹਿਸੂਸ ਕਰ ਰਹੇ ਸਨ ਕਿਉਂਕਿ ਭਾਜਪਾ ਵੱਲੋਂ ਲਗਾਤਾਰ ਪੰਜਾਬ ਅਤੇ ਕਿਸਾਨ ਵਿਰੋਧੀ ਫੈਸਲੇ ਕੀਤੇ ਜਾ ਰਹੇ ਸਨ। ਜਿਸ ਕਾਰਨ ਉਨ੍ਹਾਂ ਭਾਜਪਾ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ।
ਭਾਜਪਾ ਵੱਲੋਂ ਸਿਆਸੀ ਹੱਥਕੰਡੇ ਅਪਣਾਏ: ਇਸ ਮੌਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਭਾਜਪਾ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਸਰਕਾਰ ਵੱਲੋਂ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਗਿਆ। ਉਸ ਤਰ੍ਹਾਂ ਹੀ ਕਿਸਾਨ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਣਗੇ। ਉਨ੍ਹਾਂ ਕਿਹਾ ਕਿ ਲਗਾਤਾਰ ਭਾਜਪਾ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਹਨ। ਜਿਸ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਹੁਣ ਵੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਭਾਜਪਾ ਵੱਲੋਂ ਸਿਆਸੀ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਸੀਰੀਅਸ ਨਾ ਲਿਆ ਕਰਨ ਕਿਉਂਕਿ ਉਹ ਪੈੱਗ ਲਾ ਕੇ ਕੁਛ ਵੀ ਕਹਿ ਸਕਦੇ ਹਨ।
ਇੱਕੋ-ਇੱਕ ਆਵਾਜ਼ ਪਾਰਲੀਮੈਂਟ ਵਿੱਚ ਗੂੰਜਦੀ ਰਹੀ: ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਹੈ ਤਾਂ ਹਰਸਿਮਰਤ ਕੌਰ ਬਾਦਲ ਨੂੰ ਫਿਰ ਤੋਂ ਲੋਕ ਪਾਰਲੀਮੈਂਟ ਵਿੱਚ ਭੇਜਣਗੇ। ਕਿਉਂਕਿ ਪੰਜਾਬ ਦੇ ਹੱਕ ਵਿੱਚ ਇੱਕੋ-ਇੱਕ ਆਵਾਜ਼ ਪਾਰਲੀਮੈਂਟ ਵਿੱਚ ਗੂੰਜਦੀ ਰਹੀ ਹੈ। ਉਹ ਹਰਸਿਮਰਤ ਕੌਰ ਬਾਦਲ ਦੀ ਹੈ ਅਤੇ ਜਿਸ ਵੱਲੋਂ ਵੱਡੇ-ਵੱਡੇ ਪ੍ਰੋਜੈਕਟ ਬਠਿੰਡਾ ਹਲਕੇ ਵਿੱਚ ਲਿਆਂਦੇ ਜਿਨ੍ਹਾਂ ਦਾ ਲੋਕਾਂ ਨੂੰ ਲਾਭ ਹੋ ਰਿਹਾ ਹੈ।
- ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼; ਕਰੀਬ 15 ਕਰੋੜ ਤੋਂ ਵੱਧ ਦੀ ਹੈਰੋਇਨ ਅਤੇ ਆਈਸ ਜ਼ਬਤ, ਤਸਕਰ ਵੀ ਗ੍ਰਿਫ਼ਤਾਰ - Amritsar police arreste traffickers
- ਸਿੱਖਾਂ ਨੂੰ 5 ਬੱਚੇ ਪੈਦਾ ਕਰਨ ਦੇ ਬਿਆਨ 'ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂਮਾਂ ਦੀ ਹਿਮਾਇਤ - Baba Harnam Singh Dhuma statment
- ਰਵਨੀਤ ਬਿੱਟੂ 'ਤੇ ਬਰਸੇ ਰਾਜਾ ਵੜਿੰਗ, ਕਿਹਾ ਹੁਣ ਭਾਜਪਾ ਵਾਲੇ ਬਿੱਟੂ ਦੀ ਉਮੀਦਵਾਰੀ ਨੂੰ ਲੈਕੇ ਪਰੇਸ਼ਾਨ, ਬਦਲਣ ਦੀ ਸੋਚ ਰਹੇ ਟਿਕਟ - Lok Sabha Elections 2024