ਅੰਮ੍ਰਿਤਸਰ: ਇੱਕ ਪਾਸੇ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਤਾਂ ਉਥੇ ਹੀ ਭਾਜਪਾ ਉਮੀਦਵਾਰਾਂ ਲਈ ਕਿਸਾਨਾਂ ਦਾ ਵਿਰੋਧ ਸਿਰਦਰਦ ਬਣ ਸਕਦਾ ਹੈ। ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਵਾਲ ਜਵਾਬ ਕੀਤੇ ਜਾ ਰਹੇ ਹਨ। ਜਿਥੇ ਪਿਛਲੇ ਦਿਨੀਂ ਹੋਰ ਭਾਜਪਾ ਉਮੀਦਵਾਰਾਂ ਅਤੇ ਲੀਡਰਾਂ ਦਾ ਵਿਰੋਧ ਹੋਇਆ ਸੀ ਤਾਂ ਉਥੇ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਲਗਾਤਾਰ ਵੱਖ-ਵੱਖ ਜਗ੍ਹਾ ਦੇ ਉੱਤੇ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ। ਭਾਜਪਾ ਉਮੀਦਵਾਰ ਦਾ ਇਹ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਜਿੰਨਾਂ ਵੱਲੋਂ ਆਪਣੇ ਸਵਾਲਾਂ ਨੂੰ ਲੈ ਕੇ ਭਾਜਪਾ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਵਿਰੋਧ ਦੇ ਚੱਲਦੇ ਹੋਏ ਪੁਲਿਸ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਭਾਜਪਾ ਉਮੀਦਵਾਰਾਂ ਨੂੰ ਸੁਰੱਖਿਆ ਅਤੇ ਬਦਲਵੇਂ ਰੂਟ ਪ੍ਰਬੰਧ ਦਿੱਤੇ ਜਾ ਰਹੇ ਹਨ।
ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਦਾ ਵਿਰੋਧ: ਇਸੇ ਦੇ ਚੱਲਦਿਆਂ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਸੁਧਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਲੋਂ ਇੱਕ ਮੀਟਿੰਗ ਕੀਤੀ ਜਾਣੀ ਸੀ, ਜਿਸ ਦੀ ਭਿਣਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੂੰ ਲੱਗ ਗਈ। ਉਹਨਾਂ ਵੱਲੋਂ ਭਾਜਪਾ ਉਮੀਦਵਾਰ ਦੇ ਨਾਲ ਪਹਿਲਾਂ ਤਾਂ ਗੱਲਬਾਤ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਅਤੇ ਨਾਲ ਹੀ ਗੱਲਬਾਤ ਨਾ ਹੋਣ ਦੀ ਸੂਰਤ ਦੇ ਵਿੱਚ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।
ਭਾਜਪਾ ਉਮੀਦਵਾਰ ਤੋਂ ਮੰਗਣੇ ਸੀ ਸਵਾਲਾਂ ਦੇ ਜਵਾਬ: ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਵਾਲਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਅੱਜ ਪਿੰਡ ਸੁਧਾਰ ਵਿਖੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਨਾਲ ਗੱਲਬਾਤ ਕੀਤੀ ਜਾਣੀ ਸੀ ਅਤੇ ਆਪਣੇ ਸਵਾਲਾਂ ਦੇ ਜਵਾਬ ਲਏ ਜਾਣੇ ਸੀ। ਇਸ ਸਬੰਧੀ ਉਹਨਾਂ ਵੱਲੋਂ ਡੀਐੱਸਪੀ ਬਾਬਾ ਬਕਾਲਾ ਸੁਵਿੰਦਰ ਪਾਲ ਸਿੰਘ ਦੇ ਰਾਹੀਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਸੁਨੇਹਾ ਲਗਾਇਆ ਗਿਆ ਕਿ ਉਹ ਰੁਕਣ ਅਤੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ। ਇਸਦੇ ਬਾਵਜੂਦ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਆਪਣਾ ਰਸਤਾ ਬਦਲ ਦਿੱਤਾ ਗਿਆ। ਜਿਸ ਕਾਰਨ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕੀਤਾ ਗਿਆ ਤੇ ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਜਵਾਬ ਨਾ ਮਿਲਣ ਤੱਕ ਕਰਾਂਗੇ ਵਿਰੋਧ: ਕਿਸਾਨ ਆਗੂ ਰਣਜੀਤ ਸਿੰਘ ਕਲੇਰ ਵਾਲਾ ਨੇ ਕਿਹਾ ਕਿ ਉਹ ਆਪਣੇ ਕੁਝ ਸਵਾਲਾਂ ਨੂੰ ਲੈ ਕੇ ਭਾਜਪਾ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਪਰ ਜਿੰਨੀ ਦੇਰ ਭਾਜਪਾ ਉਮੀਦਵਾਰ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਉਹ ਪਿਛੇ ਨਹੀਂ ਹਟਣਗੇ। ਉਨਾਂ ਕਿਹਾ ਕਿ ਜਿੱਥੇ ਵੀ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਕਰਨ ਦੇ ਲਈ ਜਾਣਗੇ, ਉਥੇ ਉਹ ਪਹਿਲਾਂ ਤਾਂ ਆਪਣੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਨਗੇ ਅਤੇ ਅਜਿਹਾ ਨਾ ਹੋਣ ਦੇ ਉੱਤੇ ਉਕਤ ਉਮੀਦਵਾਰ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।