ਅੰਮ੍ਰਿਤਸਰ: ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਸੁਖਬੀਰ ਬਾਦਲ ਉੱਤੇ ਹੋਏ ਅਟੈਕ ਤੋਂ ਬਾਅਦ ਜਿੱਥੇ ਸੂਬੇ ਦੀ ਸਿਆਸਤ ਸਿਖ਼ਰਾਂ ਉੱਤੇ ਪਹੁੰਚ ਗਈ ਉੱਥੇ ਹੀ ਹੁਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਅਤੇ ਸੀਐੱਮ ਮਾਨ ਦੇ ਬਿਆਨ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਭੜਕਦੇ ਹੋਏ ਨਜ਼ਰ ਆ ਰਹੇ ਹਨ।
'ਹਮਦਰਦੀ ਲੈਣ ਲਈ ਫਾਇਰਿੰਗ'
ਦੱਸ ਦਈਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਹੈ ਕਿ,' ਸੁਖਬੀਰ ਬਾਦਲ ਉੱਤੇ ਹੋਏ ਹਮਲੇ ਪਿੱਛੇ ਮੁਲਜ਼ਮ ਦੀ ਕੀ ਖ਼ਾਸ ਮੰਸ਼ਾ ਸੀ ਉਸ ਦੀ ਜਾਂਚ ਤਾਂ ਕੀਤੀ ਹੀ ਜਾਵੇਗੀ ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਸੁਖਬੀਰ ਬਾਦਲ ਨੇ ਆਪਣੇ ਉੱਤੇ ਇਹ ਹਮਲਾ ਹਮਦਰਦੀ ਅਤੇ ਸਿਆਸੀ ਲਾਹਾ ਲੈਣ ਲਈ ਕਰਵਾਇਆ ਹੈ ਜਾਂ ਨਹੀਂ। ਪੁਲਿਸ ਕਮਿਸ਼ਨਰ ਮੁਤਾਬਿਕ ਇਸ ਮਾਮਲੇ ਦੀ ਹਰ ਐਂਗਲ ਤੋਂ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ।' ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸੁਰੱਖਿਆ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਹੈ।
ਸੀਐੱਮ ਮਾਨ ਦਾ ਬਿਆਨ
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਬੀਤੇ ਦਿਨ ਕਿਹਾ ਕਿ, "ਇਹ ਇੱਕ ਮੰਦਭਾਗੀ ਘਟਨਾ ਹੈ ਜੋ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵਾਪਰੀ ਹੈ। ਪੰਜਾਬ ਪੁਲਿਸ ਨੇ ਆਪਣੀ ਚੌਕਸੀ ਨਾਲ ਇੱਕ ਵੱਡੀ ਘਟਨਾ ਨੂੰ ਟਾਲ ਦਿੱਤਾ। ਮੁਲਜ਼ਮ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਂ ਡੀਜੀਪੀ ਦੇ ਸੰਪਰਕ ਵਿੱਚ ਹਾਂ, ਮੈਂ ਉਨ੍ਹਾਂ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਮਜੀਠੀਆ ਦਾ ਤਿੱਖਾ ਤੰਜ
ਅੰਮ੍ਰਿਤਸਰ ਪੁਲਿਸ ਅਤੇ ਸੀਐੱਮ ਮਾਨ ਦੇ ਬਿਆਨ ਉੱਤੇ ਵਾਰ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ,'ਕਿਹੜੀ ਸੁਰੱਖਿਆ ਚੌਕਸੀ ਦੀ ਗੱਲ ਸਰਕਾਰ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਕੁੱਝ ਵੀਡੀਓ ਅਤੇ ਤਸਵੀਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸ ਤਰ੍ਹਾਂ ਮੁਲਜ਼ਮ ਨਰਾਇਣ ਸਿੰਘ ਚੌਰਾ ਦਰਬਾਰ ਸਾਹਿਬ ਦੀ ਹਦੂਦ ਅੰਦਰ ਪੁਲਿਸ ਦੇ ਸਾਹਮਣੇ ਘੁੰਮ ਰਿਹਾ ਹੈ ਅਤੇ ਪੁਲਿਸ ਮੁਲਾਜ਼ਮ ਉਸ ਨਾਲ ਹੱਥ ਵੀ ਮਿਲਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਤਿੰਨ ਲੇਅਰ ਸੁਰੱਖਿਆ ਦੀ ਗੱਲ ਆਖਣ ਵਾਲੀ ਪੁਲਿਸ ਦੀ ਨਜ਼ਰ ਤੋਂ ਬਚ ਕੇ ਹਥਿਆਰ ਦੇ ਨਾਲ ਮੁਲਜ਼ਮ ਕਾਰਵਾਈ ਨੂੰ ਅੰਜਾਮ ਦੇਣ ਤੱਕ ਪਹੁੰਚ ਗਿਆ ਅਤੇ ਇਹ ਲੋਕ ਆਪਣੀ ਪਿੱਠ ਥਪਥਪਾ ਰਹੇ ਹਨ ਜੋ ਕਿ ਸ਼ਰਮ ਦੀ ਗੱਲ ਹੈ।'