ਬਰਨਾਲਾ: ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮੁਖ਼ਬਰੀ ਦੇ ਆਧਾਰ 'ਤੇ ਇੱਕ ਨਸ਼ਾ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਇੱਕ ਮੁਲਜ਼ਮ ਨੂੰ 16 ਹਜ਼ਾਰ ਨਸ਼ੇ ਦੀਆਂ ਗੋਲੀਆਂ ਅਤੇ 250 ਨਸ਼ੇ ਦੀਆਂ ਸ਼ੀਸ਼ੀਆਂ ਸਮੇਤ ਕਾਬੂ ਕੀਤਾ ਹੈ। ਜਦਕਿ ਦੋ ਮਹਿਲਾ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਾਹਰ ਹਨ। ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਿਸ ਕਰਕੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਪੁਲਿਸ ਵਲੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਅਤੇ ਹੋਰ ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ।
ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ
ਦੱਸ ਦੇਈਏ ਕਿ ਬਰਨਾਲਾ ਥਾਣਾ ਸਿਟੀ ਦੇ ਐਸਐਚਓ ਕੁਲਜਿੰਦਰ ਸਿੰਘ ਅਤੇ ਬੱਸ ਸਟੈਂਡੀ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਨਸ਼ਾ ਤਸਕਰੀ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 3 ਮੁਲਜ਼ਮ ਜਗਜੀਤ ਸਿੰਘ ਗਿਆਨੀ ਵਾਸੀ ਬਰਨਾਲਾ ਅਤੇ ਦੋ ਔਰਤਾਂ ਘੰਸੋ ਬਰਨਾਲਾ ਅਤੇ ਭੂਸ਼ੀ ਵਾਸੀ ਸ਼ੇਰਮਾਜਰਾ ਪਟਿਆਲਾ ਲੰਬੇ ਸਮੇਂ ਤੋਂ ਨਸ਼ੇ ਦਾ ਸਪਲਾਈ ਕਰਦੇ ਆ ਰਹੇ ਹਨ। ਪੁਲਿਸ ਨੇ ਮੁਲਜ਼ਮ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਤੋਂ 16 ਹਜ਼ਾਰ ਨਸ਼ੇ ਦੀਆਂ ਗੋਲੀਆਂ ਅਤੇ 250 ਨਸ਼ੇ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।
ਪਹਿਲਾਂ ਵੀ 3 ਐਨਡੀਪੀਐਸ ਅਤੇ 1 ਐਕਸਾਈਜ਼ ਦਾ ਕੇਸ ਦਰਜ਼
ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਭੂਸ਼ੀ ਪਟਿਆਲਾ ਤੋਂ ਲਿਆ ਕੇ ਬਰਨਾਲਾ ਸ਼ਹਿਰ ਵਿੱਚ ਘੰਸੋ ਅਤੇ ਜਗਜੀਤ ਸਿੰਘ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਸ਼ੀਸ਼ੀਆਂ ਸਪਲਾਈ ਕਰਦੀ ਸੀ। ਜਿਸ ਤੋਂ ਬਾਅਦ ਅੱਗੇ ਇਹ ਦੋਵੇਂ ਮੁਲਜ਼ਮ ਸ਼ਹਿਰ ਵਿੱਚ ਇਸਦੀ ਤਸਕਰੀ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਤਿੰਨੇ ਮੁਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਮੁਲਜ਼ਮ ਜਗਜੀਤ ਸਿੰਘ ਉਪਰ ਪਹਿਲਾਂ 2 ਐਨਡੀਪੀਐਸ ਦੇ ਮਾਮਲੇ ਦਰਜ਼ ਹਨ, ਜਦਕਿ ਮੁਲਜ਼ਮ ਘੰਸੋ ਉਪਰ ਵੀ ਪਹਿਲਾਂ 3 ਐਨਡੀਪੀਐਸ ਅਤੇ 1 ਐਕਸਾਈਜ਼ ਦਾ ਕੇਸ ਦਰਜ਼ ਹੈ। ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਗਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
- ਬਾਬਾ ਸਦੀਕੀ ਕਤਲ ਮਾਮਲੇ ਦਾ ਪੰਜਾਬ ਕਨੈਕਸ਼ਨ ਆਇਆ ਸਾਹਮਣੇ, ਲਾਰੈਂਸ ਗੈਂਗ ਨਾਲ ਸਬੰਧਿਤ ਇੱਕ ਮੁਲਜ਼ਮ ਲੁਧਿਆਣਾ ਤੋਂ ਗ੍ਰਿਫਤਾਰ
- ਲਾਰੈਂਸ ਬਿਸ਼ਨੋਈ ਨੂੰ ਲੱਗਿਆ ਝਟਕਾ, ਵੱਡੇ ਕਤਲ ਤੋਂ ਪਹਿਲਾਂ ਹੀ ਹੋਇਆ ਖੁਲਾਸਾ, ਨਿਸ਼ਾਨੇ 'ਤੇ ਕੌਣ ਸੀ? ਇੱਕ ਕਲਿੱਕ 'ਤੇ ਜਾਣੋ
- ਜਾਣੋ ਕੌਣ ਹੈ ਇੰਸਪੈਕਟਰ ਅਰਸ਼ਪ੍ਰੀਤ ਕੌਰ, ਜਿਸ 'ਤੇ ਨਸ਼ਾ ਤਸਕਰਾਂ ਨਾਲ ਹੱਥ ਮਿਲਾਉਣ ਦਾ ਇਲਜ਼ਾਮ, ਹੁਣ ਫਸੀ ਸ਼ਿਕੰਜੇ 'ਚ