ਬਰਨਾਲਾ: ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਗਿਆ, ਜਦੋਂਕਿ ਬਾਕੀ ਦੇ ਤਿੰਨ ਹਲਕਿਆਂ ਗਿੱਦੜਵਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਲਈ ਉਮੀਦਵਾਰਾਂ ਦਾ ਫੈਸਲਾ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ। ਇਕੱਤਰਤਾ ਵਿੱਚ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਗੋਵਿੰਦ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ।
ਸਿਮਰਨਜੀਤ ਸਿੰਘ ਮਾਨ ਦੀ ਚੋਣ ਮੁਹਿੰਮ
ਜ਼ਿਕਰਯੋਗ ਹੈ ਕਿ ਗੋਬਿੰਦ ਸਿੰਘ ਸੰਧੂ ਪਿਛਲੇ ਲੰਬੇ ਸਮੇਂ ਤੋਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੰਮ ਕਰਦੇ ਆ ਰਹੇ ਸਨ। 2022 ਦੀ ਸੰਗਰੂਰ ਲੋਕ ਸਭਾ ਚੋਣ ਵਿੱਚ ਉਹਨਾਂ ਸਿਮਰਨਜੀਤ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਅਗਵਾਈ ਦਿੱਤੀ ਸੀ। ਜਿਸ ਦੌਰਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਸੀ। ਗੋਬਿੰਦ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਪਣੀਆਂ ਗਤੀਵਿਧੀਆਂ ਕਰ ਰਹੇ ਸਨ ।
ਪੰਥਕ ਇਕੱਤਰਤਾ ਦਾ ਸੱਦਾ ਦਿੱਤਾ
ਲੰਬੇ ਸਮੇਂ ਤੋਂ ਲਟਕ ਰਹੇ ਵੱਖ-ਵੱਖ ਪੰਥਕ ਮਸਲਿਆਂ ਦੇ ਹੱਲ ਅਤੇ ਜਿਮਨੀ ਚੋਣਾਂ ਵਿੱਚ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਮਜਬੂਤੀ ਨਾਲ ਉਭਾਰਨ ਦੇ ਮੰਤਵ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚ ਉਚੇਚੇ ਤੌਰ 'ਤੇ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਸਮੇਤ ਵੱਖ-ਵੱਖ ਪੰਥਕ, ਧਾਰਮਿਕ ਅਤੇ ਰਾਜਨੀਤਿਕ ਧਿਰਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਜਿੱਥੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਵੱਖ ਵੱਖ ਮਸਲਿਆਂ ਦਾ ਇਨਸਾਫ ਲੈਣ, ਦੇਸ਼ ਅਤੇ ਵਿਦੇਸ਼ ਵਿੱਚ ਸਿੱਖ ਆਗੂਆਂ ਦੇ ਕਰਵਾਏ ਜਾ ਰਹੇ ਕਤਲੇਆਮ ਨੂੰ ਰੋਕਣ ਲਈ ਅਤੇ ਜਿਮਨੀ ਚੋਣ ਵਿੱਚ ਪੰਥਕ ਉਮੀਦਵਾਰਾਂ ਨੂੰ ਜਿਤਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਉੱਥੇ ਹੀ ਪੰਥਕ ਧਿਰਾਂ ਵੱਲੋਂ ਬਰਨਾਲਾ ਤੋਂ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਦਾ ਨਾਮ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ।
ਚੰਗੇ ਪੰਥਕ ਆਗੂ ਵਾਲੇ ਗੋਵਿੰਦ ਸਿੰਘ ਸੰਧੂ
ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਗੋਵਿੰਦ ਸਿੰਘ ਸੰਧੂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਭਰਾ ਭਾਈ ਕਰਮ ਸਿੰਘ ਦੇ ਵੰਸ਼ ਹਨ, ਜੋ ਆਪਣੀ ਕਹਿਣੀ ਅਤੇ ਕਰਨੀ ਦੇ ਪੱਕੇ ਹਨ। ਇੱਕ ਚੰਗੇ ਪੰਥਕ ਆਗੂ ਵਾਲੇ ਗੋਵਿੰਦ ਸਿੰਘ ਸੰਧੂ ਵਿੱਚ ਸਾਰੇ ਗੁਣ ਹਨ। ਗੋਬਿੰਦ ਸਿੰਘ ਪਿਛਲੇ ਚਾਰ ਪੰਜ ਸਾਲਾਂ ਤੋਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਲਗਾਤਾਰ ਵਿਚਰ ਰਹੇ ਹਨ। ਉਹ ਸਬੰਧਤ ਇਲਾਕੇ ਦੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਨਾਲ ਨਾਲ ਉਹਨਾਂ ਦੇ ਮਸਲੇ ਹੱਲ ਕਰਵਾਉਣ ਦੀ ਸਮਰੱਥਾ ਵੀ ਰੱਖਦੇ ਹਨ।