ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਬੀਤੇ ਕੁਝ ਦਿਨ ਪਹਿਲਾਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਪ੍ਰੀ ਵੈਡਿੰਗ ਸ਼ੂਟ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈਕੇ ਲੋਕਾਂ ਵੱਲੋਂ ਇਤਰਾਜ ਜਤਾਏ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਹੈਰੀਟੇਜ ਸਟ੍ਰੀਟ ਦੇ ਉੱਤੇ ਵੱਡੇ-ਵੱਡੇ ਪੋਸਟਰ ਲਗਾ ਕੇ ਪ੍ਰੀ ਵੈਡਿੰਗ ਸ਼ੂਟ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਉਥੇ ਹੀ ਇਸ ਮੌਕੇ ਦੇ ਉੱਤੇ ਗਲਿਆਰਾ ਥਾਣਾ ਮੁਖੀ ਵੱਲੋਂ ਵੀ ਖੁਦ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਗਿਆ ਹੈ। ਉਥੇ ਹੀ ਸ਼੍ਰੋਮਣੀ ਕਮੇਟੀ ਵਲੋਂ ਇਸ ਮੁੱਦੇ ਨੂੰ ਚੁੱਕਦਿਆਂ ਕਿਹਾ ਗਿਆ ਸੀ ਕਿ ਇਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਪ੍ਰੀ-ਵੈਡਿੰਗ ਸ਼ੂਟ ਜਾਂ ਰੀਲਾਂ ਬਣਾਉਣ 'ਤੇ ਪਾਬੰਦੀ: ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਕਈ ਵਾਰ ਸ਼ਿਕਾਇਤ ਦਰਜ ਕੀਤੀ ਜਾਂਦੀ ਸੀ ਕਿ ਜਦੋਂ ਉਹ ਹੈਰੀਟੇਜ ਸਟਰੀਟ 'ਤੇ ਪਹੁੰਚਦੇ ਹਨ ਤਾਂ ਉੱਥੇ ਪ੍ਰੀ ਵੈਡਿੰਗ ਸ਼ੂਟ ਕੀਤਾ ਜਾਂਦਾ ਹੈ, ਜਿਸ ਨੂੰ ਲੈ ਕੇ ਇਹ ਪੋਸਟਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਦਿਸ਼ਾ ਨਿਰਦੇਸ਼ ਹੇਠ ਲਗਾਏ ਜਾ ਰਹੇ ਹਨ। ਜਿਸ 'ਚ ਸਾਫ਼ ਸ਼ਬਦਾਂ 'ਚ ਲਿਖਿਆ ਗਿਆ ਹੈ ਕਿ ਇਸ ਖੇਤਰ 'ਚ ਪ੍ਰੀ-ਵੈਡਿੰਗ ਸ਼ੂਟ ਜਾਂ ਰੀਲਾਂ ਬਣਾਉਣ 'ਤੇ ਪਾਬੰਦੀ ਹੋਵੇਗੀ।
ਵੀਡੀਓ ਹੋਈ ਸੀ ਵਾਇਰਲ: ਕਾਬਿਲੇਗੌਰ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ਪ੍ਰੀ-ਵੈਡਿੰਗ ਫੋਟੋ ਸ਼ੂਟ ਲਈ ਹਾਟਸਪੌਟ ਬਣ ਗਈ ਹੈ। ਨਵੇਂ ਜੋੜੇ ਜੋ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ, ਇਸ ਇਤਿਹਾਸਕ ਖ਼ੇਤਰ 'ਚ ਹਰ ਰੋਜ਼ ਇੱਕ ਫੋਟੋਗ੍ਰਾਫ਼ਰ ਨਾਲ ਦੇਖੇ ਜਾ ਰਹੇ ਹਨ। ਸ਼ਰਧਾਲੂਆਂ ਦੀ ਭੀੜ ਤੋਂ ਬਚਣ ਲਈ ਸ਼ੂਟਿੰਗ ਆਮ ਤੌਰ 'ਤੇ ਸਵੇਰੇ ਤੜਕੇ ਕੀਤੀ ਜਾਂਦੀ ਹੈ। ਇਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਇਸ ਲੋਕੇਸ਼ਨ 'ਤੇ ਪ੍ਰੀ-ਵੈਡਿੰਗ ਸ਼ੂਟ ਕਰਨ ਲਈ ਜ਼ੋਰ ਦਿੰਦੇ ਹਨ, ਜਦੋਂ ਕਿ ਕਈ ਵਾਰ ਫੋਟੋਗ੍ਰਾਫਰ ਉਨ੍ਹਾਂ ਨੂੰ ਇੱਥੇ ਲੈ ਕੇ ਆਉਂਦੇ ਹਨ ਅਤੇ ਭੀੜ ਤੋਂ ਬਚਣ ਲਈ ਸਵੇਰੇ ਸ਼ੂਟ ਕੀਤਾ ਜਾਂਦਾ ਹੈ।
ਪੁਲਿਸ ਨੇ ਲਗਾਏ ਪੋਸਟਰ: ਉਧਰ ਕੋਤਵਾਲੀ ਥਾਣੇ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਿਸ ਦੇ ਧਿਆਨ 'ਚ ਹੈ। ਜਿਸ ਸਬੰਧੀ ਉੱਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਬੋਰਡ ਵੀ ਲਗਾ ਦਿੱਤੇ ਹਨ, ਜਿਸ 'ਚ ਸਾਫ਼ ਕਿਹਾ ਗਿਆ ਹੈ ਕਿ ਇਥੇ ਪ੍ਰੀ ਵੈਡਿੰਗ ਸ਼ੂਟ ਕਰਨਾ ਅਤੇ ਰੀਲਾਂ ਬਣਾਉਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਕਸਰ ਇਨ੍ਹਾਂ ਲੋਕਾਂ ਨੂੰ ਸੜਕ ਤੋਂ ਬਾਹਰ ਲੈ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਫੋਟੋਗ੍ਰਾਫ਼ਰਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ ਕਿਉਂਕਿ ਇਸ ਨਾਲ ਇਲਾਕੇ ਦਾ ਧਾਰਮਿਕ ਅਤੇ ਅਧਿਆਤਮਕ ਮਾਹੌਲ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹੈਰੀਟੇਜ ਸਟਰੀਟ 'ਤੇ ਫੋਟੋਗ੍ਰਾਫਰ ਅਤੇ ਕੁਝ ਸੈਲਾਨੀਆਂ ਨਾਲ ਮੀਟਿੰਗ ਕਰਕੇ ਜਾਣੂ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਫਿਰ ਵੀ ਨਹੀਂ ਸੁਧਰਦਾ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
- ਭਾਨਾ ਸਿੱਧੂ ਦੇ ਹੱਕ 'ਚ ਆਏ ਅਦਾਕਾਰ ਹੌਬੀ ਧਾਲੀਵਾਲ, ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ
- ਅੰਤਰ ਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਮੱਧ ਪ੍ਰਦੇਸ਼ ਚੋਂ ਚੱਕ ਲਿਆਂਦਾ ਨਾਜਾਇਜ਼ ਅਸਲਾ ਬਣਾਉਣ ਵਾਲੇ ਮੁਲਜ਼ਮ
- ਮੁੱਖ ਮੰਤਰੀ ਵੱਲੋਂ ਚਮਰੋੜ ਪੱਤਣ ਵਿਖੇ ਜੈੱਟ ਸਕੀ, ਮੋਟਰ ਪੈਰਾਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ