ਬਠਿੰਡਾ: ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਲਈ ਅੰਤਿਮ ਤੇ 7ਵੇਂ ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਪੰਜਾਬ ਵਿੱਚ ਸਿਆਸੀ ਲੀਡਰਾਂ ਸਣੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਨਜ਼ਰ ਆਇਆ ਹੈ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਆਪਣੀ ਵੋਟ ਭੁਗਤਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਦੋਹਾਂ ਦੀਆਂ 2 ਧੀਆਂ ਤੇ ਇੱਕ ਪੁੱਤਰ ਨੇ ਵੀ ਵੋਟ ਭੁਗਤਾਈ।
ਇਸ ਮੌਕੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਮੀਦ ਹੈ ਕਿ ਬਠਿੰਡਾ ਦੇ ਲੋਕ ਬਠਿੰਡਾ ਦੀ ਤਰੱਕੀ ਤੇ ਖੁਸ਼ਹਾਲੀ ਲਈ ਵੋਟ ਪਾਉਣਗੇ। ਜੇ ਮੌਕਾ ਦੇਣਗੇ ਤਾਂ ਅਸੀ ਇਸ ਨੂੰ ਅੱਗੇ ਲੈ ਕੇ ਜਾਵਾਂਗੇ। ਉੱਥੇ ਹੀ ਸੁਖਬੀਰ ਬਾਦਲ ਨੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਜੀ ਤੋੜ ਕੇ ਕੰਮ ਕੀਤਾ ਹੈ ਅਤੇ ਲੋਕਾਂ ਨੂੰ ਵੀ ਜਲਦ ਵੋਟ ਦਾ ਭੁਗਤਾਨ ਕਰਨਾ ਚਾਹੀਦਾ ਹੈ।
ਬਠਿੰਡਾ ਲੋਕ ਸਭਾ ਸੀਟ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ, ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਅਤੇ ਭਾਜਪਾ ਵੱਲੋਂ ਪਰਮਪਾਲ ਕੌਰ ਚੋਣ ਮੈਦਾਨ ਵਿੱਚ ਹੈ।
ਇੱਕ ਪਾਸੇ, ਜਿੱਥੇ ਕਾਂਗਰਸ ਦੇ ਜੀਤ ਮਹਿੰਦਰ ਅਤੇ ਗੁਰਮੀਤ ਸਿੰਘ ਖੁੱਡੀਆਂ ਆਹਮੋ ਸਾਹਮਣੇ ਹਨ, ਦੂਜੇ ਪਾਸੇ ਦੋ ਮਹਿਲਾ ਉਮੀਦਵਾਰ ਭਾਜਪਾ ਦੀ ਪਰਮਪਾਲ ਕੌਰ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਦੇ ਵਿੱਚ ਹਨ।
ਉਮੀਦਵਾਰ ਹਰਸਿਮਰਤ ਕੌਰ ਬਾਦਲ: ਹਰਸਿਮਰਤ ਕੌਰ ਬਾਦਲ ਭਾਰਤ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਲੋਕ ਸਭਾ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੈਂਬਰ ਹੈ। ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਉਨ੍ਹਾਂ ਨੇ 17 ਸਤੰਬਰ 2020 ਨੂੰ ਕੁਝ ਕਿਸਾਨ ਸੰਬੰਧੀ ਆਰਡੀਨੈਂਸਾਂ ਅਤੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਹੁਣ ਅਕਾਲੀ ਦਲ ਵਲੋਂ ਬਠਿੰਡਾ ਤੋਂ ਉਮੀਦਵਾਰ ਹਨ।