ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਬੀਐੱਲਓ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਹਨਾਂ ਬੀਐਲਓ ਅਧਿਆਕਾਂ ਵਿੱਚੋਂ 80 ਅਜਿਹੇ ਹਨ ਜਿਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਏ ਜਾਣ ਵਿੱਚ ਡਿਊਟੀ ਲੱਗੀ ਹੈ।
ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਹਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਨਹੀਂ ਹੋਇਆ, ਉਸ ਤੋਂ ਪਹਿਲਾਂ ਇੰਨੀ ਵੱਡੀ ਪੱਧਰ ਉੱਤੇ ਵੋਟਾਂ ਬਣਾਉਣ ਲਈ ਕਿਉਂ ਬੀਐਲਓ ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਮਨਸ਼ਾ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਕਿਉਂਕਿ ਇੱਕ ਪਾਸੇ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚੇ ਚੱਕਣ ਲਈ ਨਿੱਤ ਨਵੇਂ ਐਲਾਨ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਪ੍ਰੀਖਿਆ ਦਾ ਸਮਾਂ ਹੋਣ ਦੇ ਬਾਵਜੂਦ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੀਐਲਓ ਨਿਯੁਕਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਧ ਤੋਂ ਵੱਧ ਵੋਟਾਂ ਤਿਆਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਜਿਸ ਕਾਰਨ ਪੇਪਰਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਬੀਐਲਓ ਅਧਿਆਪਕਾਂ ਤੋਂ ਰੋਜ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਸਬੰਧੀ ਰਿਪੋਰਟ ਮੰਗੀ ਜਾ ਰਹੀ ਹੈ ਅਤੇ 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਾਈਆਂ ਗਈਆਂ ਵੋਟਾਂ ਨਾਲੋਂ ਵੱਧ ਵੋਟਾਂ ਬਣਾਉਣ ਦਾ ਟੀਚਾ ਦਿੱਤਾ ਗਿਆ ਹੈ।
ਅਧਿਆਪਕ ਜਥੇਬੰਦੀ ਦੇ ਆਗੂ ਜਗਪਾਲ ਸਿੰਘ ਬੰਗੀ ਅਤੇ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਚਾਹੁੰਦੀ ਹੈ ਪਰ ਦੂਸਰੇ ਪਾਸੇ ਅਧਿਆਪਕਾਂ ਤੋਂ ਵਾਧੂ ਕੰਮ ਲਏ ਜਾ ਰਹੇ ਹਨ, ਜਿਸ ਕਾਰਨ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੇੜੇ-ਤੇੜੇ ਵੀ ਨਹੀਂ ਹਨ ਤਾਂ ਆਖਰ ਕਿਉਂ ਅਧਿਆਪਕਾਂ ਨੂੰ ਬਤੌਰ ਬੀਐਲੋਓ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਖਾਸ ਸ਼ਰਤਾਂ ਹਨ ਅਤੇ ਇਹਨਾਂ ਸ਼ਰਤਾਂ ਨੂੰ ਹਰ ਇੱਕ ਵਿਅਕਤੀ ਪੂਰਾ ਨਹੀਂ ਕਰਦਾ, ਜਿਸ ਕਾਰਨ ਅਧਿਆਪਕਾਂ ਨੂੰ ਵੋਟਾਂ ਬਣਾਉਣ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਟਾਰਗੇਟ ਨੂੰ ਪੂਰਾ ਕਰਨ ਲਈ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ 'ਚ ਸੜਕਾਂ 'ਤੇ ਉਤਰੇ ਦਲਿਤ ਸਮਾਜ ਦੇ ਲੋਕ, ਕਿਹਾ- ਸਰਕਾਰਾਂ ਚੋਣਾਂ 'ਚ ਮੁਫਤ ਦੇ ਵਾਅਦੇ ਛੱਡ ਲੋਕਾਂ ਨੂੰ ਦੇਵੇ ਰੁਜ਼ਗਾਰ
- ਵੋਟਰ ਜਾਗਰੂਕਤਾ ਲਈ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਦੀਆਂ ਸੇਵਾਵਾਂ ਲਵੇਗਾ ਮੁੱਖ ਚੋਣ ਅਫਸਰ ਦਾ ਦਫਤਰ
- ਬਿਜਲੀ ਮੰਤਰੀ ਨੇ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਬਿਜਲੀ ਗਰਿੱਡ ਦਾ ਰੱਖਿਆ ਨੀਂਹ ਪੱਥਰ, ਕਿਹਾ-ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣਾ ਹੈ ਸੁਫਨਾ
ਉਹਨਾਂ ਕਿਹਾ ਕਿ ਇਹ ਦਿਨ ਬੱਚਿਆਂ ਦੀ ਪੜ੍ਹਾਈ ਦੇ ਹਨ ਕਿਉਂਕਿ ਫਾਈਨਲ ਪੇਪਰ ਨਜ਼ਦੀਕ ਹਨ ਪਰ ਅਧਿਆਪਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਮਜਬੂਰ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਉਹਨਾਂ ਦੇ ਰਿਜ਼ਲਟ ਉੱਤੇ ਵੀ ਮਾੜਾ ਪ੍ਰਭਾਵ ਪੈਣ ਦੇ ਆਸਾਰ ਪੈਦਾ ਹੋ ਗਏ ਹਨ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਧਿਆਪਕਾਂ ਦੀ ਬਤੌਰ ਬੀਐਲਓ ਡਿਊਟੀ ਨਾ ਲਗਾਉਣ ਦੀ ਬੇਨਤੀ ਕੀਤੀ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਇਹ ਕਹਿ ਕੇ ਕਿਨਾਰਾ ਕਰ ਲਿਆ ਜਾਂਦਾ ਹੈ ਕਿ ਸਭ ਤੋਂ ਵੱਧ ਮੁਲਾਜ਼ਮ ਹੀ ਸਿੱਖਿਆ ਵਿਭਾਗ ਵਿੱਚ ਹਨ ਜਿਸ ਕਾਰਨ ਉਹਨਾਂ ਤੋਂ ਬਤੌਰ ਬੀਐਲਓ ਕੰਮ ਲਿਆ ਜਾ ਰਿਹਾ ਹੈ।