ਲੁਧਿਆਣਾ: ਪਿੰਡ ਛਪਾਰ ਵਿੱਚ ਤੈਨਾਤ ਰਹਿੰਦਿਆਂ ਪਟਵਾਰੀ ਜਸਵੀਰ ਸਿੰਘ ਉੱਤੇ 15000 ਦੀ ਰਿਸ਼ਵਤ ਦੇ ਮਾਮਲੇ ਵਿੱਚ ਐਂਟੀ ਕਰਪਸ਼ਨ ਬਿਊਰੋ ਦੇ ਜਰੀਏ ਇੱਕ ਸ਼ਿਕਾਇਤ ਵਿਜੀਲੈਂਸ ਨੂੰ ਮਿਲੀ। ਇਸ ਦੇ ਆਧਾਰ ਉੱਤੇ ਡੇਢ ਸਾਲ ਬਾਅਦ ਵਿਜੀਲੈਂਸ ਬਿਊਰੋ ਨੇ ਆਡੀਓ ਦੇ ਆਧਾਰ 'ਤੇ ਹੋਈ ਰਿਕਾਰਡਿੰਗ ਮਾਮਲੇ ਵਿੱਚ ਪਟਵਾਰੀ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਪਟਵਾਰੀ ਪ੍ਰਮੋਟ ਹੋਕੇ ਹੁਣ ਕਾਨੂੰਨਗੋ ਮੁੱਲਾਪੁਰ ਵਿਖੇ ਤੈਨਾਤ ਸੀ। ਦੱਸ ਦੀਏ ਕਿ ਇਸ ਬਾਬਤ ਐਸਐਸਪੀ ਵਿਜੀਲੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ।
ਆਡੀਓ ਦੀ ਪੁਸ਼ਟੀ ਤੋਂ ਬਾਅਦ ਗ੍ਰਿਫਤਾਰੀ: ਰਵਿੰਦਰ ਪਾਲ ਸਿੰਘ ਸੰਧੂ ਐਸਐਸਪੀ ਵਿਜੀਲੈਂਸ ਨੇ ਕਿਹਾ ਕਿ ਪਿੰਡ ਛਪਾਰ ਦੇ ਵਿੱਚ ਤੈਨਾਤ ਪਟਵਾਰੀ ਵੱਲੋਂ ਆਪਣੇ ਕਰਿੰਦੇ ਦੇ ਨਾਲ ਮਿਲ ਕੇ ਵੀਹ ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਪਟਵਾਰੀ ਵੱਲੋਂ 15000 ਦੇਣ ਦੀ ਗੱਲ ਕਹੀ ਸੀ। ਜਿਸ ਦੀ ਇੱਕ ਆਡੀਓ ਸੀ ਅਤੇ ਪਟਵਾਰੀ ਦੇ ਵੱਲੋਂ ਇਸ ਬਾਬਤ ਆਪਣੀ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਬਾਅਦ ਇਸ ਨੂੰ ਐਫਐਸਐਲ ਦੇ ਵਿੱਚ ਭੇਜਿਆ ਗਿਆ, ਤਾਂ ਇਸ ਆਡੀਓ ਦੀ ਪੁਸ਼ਟੀ ਸਹੀ ਪਾਈ ਗਈ ਜਿਸ ਤੋਂ ਬਾਅਦ ਪਟਵਾਰੀ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਰਿੰਦੇ ਦੀ ਗ੍ਰਿਫਤਾਰੀ ਬਾਕੀ ਹੈ।
ਐਂਟੀ ਕਰਪਸ਼ਨ ਦੀ ਕਾਰਵਾਈ: ਐਸਐਸਪੀ ਵਿਜੀਲੈਂਸ ਨੇ ਦੱਸਿਆ ਕਿ ਜਸਵੀਰ ਸਿੰਘ ਪਹਿਲਾਂ ਛਪਾਰ ਵਿੱਚ ਪਟਵਾਰੀ ਤੈਨਾਤ ਸੀ ਜਿਸ ਤੋਂ ਬਾਅਦ ਉਸ ਦੀ ਪ੍ਰਮੋਸ਼ਨ ਹੋਈ ਅਤੇ ਉਹ ਦਾਖਾ ਵਿੱਚ ਕਾਨੂੰਗੋ ਦੀ ਪੋਸਟ 'ਤੇ ਤੈਨਾਤ ਸੀ। ਇਸ ਦੌਰਾਨ ਹੀ ਉਸ ਵਲੋਂ ਪੈਸੇ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਪੀੜਿਤ ਨੇ ਇਸ ਸਬੰਧੀ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਉੱਤੇ ਇਸ ਦੀ ਸ਼ਿਕਾਇਤ ਕੀਤੀ। ਵਿਜੀਲੈਂਸ ਨੇ ਪੂਰੀ ਜਾਂਚ ਕਰਨ ਤੋਂ ਬਾਅਦ ਇਹ ਪਾਇਆ ਕਿ ਮੁਲਜ਼ਮ ਨੇ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।