ਕਪੂਰਥਲਾ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਵਿੱਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਨੂੰ ਵਾਪਿਸ ਪਰਿਵਾਰ ਵਿੱਚ ਲਿਆਂਦਾ ਗਿਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਮੋਗੇ ਤੋਂ ਆਪਣੇ ਪਰਿਵਾਰ ਨਾਲ ਆਈ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹੈ, ਜੋ ਕਿ ਘਰ ਦੀ ਦੁਰਬਤ ਕਾਰਨ ਓਮਾਨ ਗਈ ਸੀ।
ਜਿੱਥੇ ਉਸਦੀ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸਨੂੰ ਇੱਕ ਹਜ਼ਾਰ ਰਿਆਲ (ਭਾਰਤੀ ਕਰੰਸੀ ਮੁਤਾਬਿਕ 2 ਲੱਖ ਰੁਪਏ) ਵਿੱਚ ਅਰਬੀ ਪਰਿਵਾਰ ਵਿੱਚ ਵੇਚ ਦਿੱਤਾ ਸੀ। ਇਸ ਪੀੜਤਾ ਨੇ ਆਪਣੇ ਦੁਖੜੇ ਸੁਣਾਦਿਆਂ ਦੱਸਿਆ ਕਿ ਉਸ ਨੂੰ ਸਿਰਫ ਇੱਕ ਮਹੀਨੇ ਦੇ ਵਿਜ਼ਟਰ ਵੀਜ਼ੇ 'ਤੇ ਭੇਜਿਆ ਗਿਆ ਸੀ। ਜਦੋਂ ਕਿ ਉਸਨੂੰ 3 ਮਹੀਨਿਆਂ ਦਾ ਕਿਹਾ ਗਿਆ ਸੀ।
ਟਰੈਵਲ ਏਜੰਟ ਵੱਲੋ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ: ਪੀੜਤਾ ਨੇ ਦੱਸਿਆ ਕਿ 7 ਸਤੰਬਰ 2023 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ 'ਤੇ ਉਤਰੀ ਤਾਂ ਉਸ ਨੂੰ ਲੈਣ ਆਏ ਵਿਅਕਤੀ ਵੱਲੋਂ ਉਨ੍ਹਾਂ ਕੋਲੋਂ ਮੋਬਾਇਲ ਅਤੇ ਪਾਸਪੋਰਟ ਜ਼ਬਰਦਸਤੀ ਖੋਹ ਲਏ। ਹਵਾਈ ਅੱਡੇ ਤੋਂ ਤਿੰਨ ਘੰਟੇ ਦਾ ਸਫਰ ਤੈਅ ਕਰਕੇ ਉਨ੍ਹਾਂ ਨੂੰ ਇੱਕ ਬਹੁ-ਮੰਜ਼ਲੀ ਇਮਾਰਤ ਦੇ ਦਫ਼ਤਰ ਵਿੱਚ ਬੰਦ ਕਰ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਉਸ ਨਾਲ ਉੱਥੇ ਇੱਕ ਕੀਨੀਆ ਦੇਸ਼ ਦੀ ਲੜਕੀ ਵੀ ਸੀ। ਪੀੜਤਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਜਦੋਂ ਤੱਕ ਵੀਜ਼ੇ ਦੀ ਮਿਆਦ ਸੀ ਉੇੱਦੋਂ ਤੱਕ ਤਾਂ ਟਰੈਵਲ ਏਜੰਟ ਵੱਲੋ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ। ਪਰ ਜਿਵੇਂ ਹੀ ਉਸਦਾ ਵੀਜ਼ਾ ਖਤਮ ਹੋਇਆ ਤਾਂ ਉਸ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਟਰੈਵਲ ਏਜੰਟਾਂ ਨੇ ਉਸ ਪ੍ਰਤੀ ਆਪਣਾ ਰਵੱਈਆ ਹੀ ਬਦਲ ਦਿੱਤਾ ਅਤੇ ਉਸ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ।
ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਿਸ ਨਹੀਂ ਸੀ ਭੇਜਿਆ: ਪੀੜਤਾ ਨੇ ਦੱਸਿਆ ਕਿ ਕੰਮ ਦੌਰਾਨ ਹੋਈ ਇਨਫੈਕਸ਼ਨ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਨਾਲ ਵਿਘੜ ਗਈ ਸੀ ਤੇ ਜਿਸ ਪਰਿਵਾਰ ਵਿੱਚ ਉਹ ਕੰਮ ਕਰ ਰਹੀ ਸੀ। ਉਨ੍ਹਾਂ ਵੱਲੋਂ ਉਸਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਸਗੋਂ ਇਸ ਹਲਾਤ ਵਿੱਚ ਵੀ ਉਸ ਕੋਲੋਂ ਜ਼ਬਰਨ ਕੰਮ ਕਰਵਾਇਆ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉੱਥੇ ਰਹਿੰਦਿਆ ਉਸਦੀ ਪਰਿਵਾਰ ਨਾਲ ਗੱਲ ਵੀ ਨਹੀ ਸੀ ਕਰਵਾਈ ਜਾਂਦੀ। ਵਾਪਸੀ ਲਈ ਉਨ੍ਹਾਂ ਵੱਲੋਂ ਦਿੱਤੇ ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਿਸ ਨਹੀਂ ਸੀ ਭੇਜਿਆ ਜਾ ਰਿਹਾ।
ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਭੇਜਣ ਤੋਂ ਗੁਰੇਜ਼ : ਇਸ ਸੰਬੰਧੀ ਪੀੜਤਾ ਦੇ ਪਤੀ ਵੱਲੋਂ 7 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ ਤੇ ਪਤਨੀ ਬਾਰੇ ਦੱਸਿਆ ਗਿਆ। ਜਿਸ 'ਤੇ ਸੰਤ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਕਰਦਿਆ ਹੋਇਆ ਇਹ ਲੜਕੀ ਕੁੱਝ ਦਿਨਾਂ ਵਿੱਚ ਹੀ ਵਾਪਿਸ ਆ ਗਈ। ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਭੇਜਣ ਤੋਂ ਗੁਰੇਜ਼ ਕੀਤਾ ਜਾਵੇ।
ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ: ਉਨ੍ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਇਹ ਗੱਲ ਸਖਤੀ ਨਾਲ ਕਹੀ ਕਿ ਟਰੈਵਲ ਏਜੰਟਾਂ ਹੱਥੋਂ ਸਤਾਈਆਂ ਇਨ੍ਹਾਂ ਲੜਕੀਆਂ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਸੁੁਣਿਆ ਜਾਵੇ ਤੇ ਉਨ੍ਹਾਂ ਦੇ ਹੱਲ ਵਾਸਤੇ ਸੁਹਿਰਦ ਯਤਨ ਕੀਤੇ ਜਾਣ। ਉਨ੍ਹਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਦੇ ਯਤਨਾਂ ਸਦਕਾ ਲਗਾਤਾਰ ਇਨ੍ਹਾਂ ਲੜਕੀਆਂ ਨੂੰ ਤਾਸਯੋਗ ਹਲਾਤਾਂ ਵਿੱਚੋਂ ਕੱਢ ਕਿ ਵਾਪਿਸ ਭੇਜਿਆ ਗਿਆ ਹੈ।
ਮੋਗਾ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ ਸੀ : ਪੀੜਤ ਲੜਕੀ ਨੇ ਆਪਣਾ ਦੁੱਖ ਬਿਆਨ ਕਰਦਿਆ ਪੰਜਾਬ ਪੁਲਿਸ ਦੇ ਵਿਵਹਾਰ ਤੇ ਹੈਰਾਨੀ ਪ੍ਰਗਟਾਈ ਕਿ ਜਦੋਂ ਉਹ ਮੋਗਾ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ ਸੀ ਤਾਂ ਉੁਲਟਾ ਉਸਨੂੰ ਹੀ ਡਰਾਇਆ ਧਮਾਕਿਆ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਸਨੇ ਆਪਣੀ ਸ਼ਿਕਾਇਤ ਕੀਤੀ ਤਾਂ ਪੁਲਿਸ ਅਧਿਕਾਰੀ ਕਹਿਣ ਲੱਗੇ ਇਨ੍ਹਾਂ ਬਿਆਨਾਂ 'ਤੇ ਕਾਰਵਾਈ ਨਹੀ ਕੀਤੀ ਜਾਣੀ ਸਗੋਂ ਉਨ੍ਹਾਂ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ ਜੋ ਪੁਲਿਸ ਵੱਲੋਂ ਲਿਖੇ ਜਾਣਗੇ।
ਬੇਗਾਨੇ ਮੁਲਕ ਵਿੱਚ ਹੋਏ ਤਸ਼ਦੱਦ : ਉਸਨੇ ਇਹ ਇਲਜ਼ਾਮ ਵੀ ਲਾਇਆ ਕਿ ਪੁਲਿਸ ਅਧਿਕਾਰੀ ਨੇ ਟਰੈਵਲ ਏਜੰਟ ਦੀ ਪੱਖ ਪੂਰਦਿਆ ਕਿਹਾ ਕਿ ਉਸ ਵਿਚਾਰੀ ਦੇ ਤਾਂ ਪੈਸੇ ਹੀ ਮਰ ਗਏ ਹਨ, ਜਦੋਂ ਕਿ ਪੀੜਤਾ ਵੱਲੋ ਦਿੱਤੇ ਗਏ ਪੈਸਿਆਂ ਬਾਰੇ ਉਨ੍ਹਾਂ ਤੋਂ ਹੀ ਸਵਾਲ ਕੀਤੇ ਗਏ ਕਿ ਇਹ ਕਿੱਥੋਂ ਆਏ। ਪੀੜਤਾ ਨੇ ਇਸ ਗੱਲ ਦਾ ਵੀ ਗਿਲਾ ਕੀਤਾ ਕਿ ਬੇਗਾਨੇ ਮੁਲਕ ਵਿੱਚ ਹੋਏ ਇਸ ਤਸ਼ਦੱਦ ਦਾ ਇਨ੍ਹਾਂ ਦੁੱਖ ਨਹੀਂ ਹੋਇਆ ਜਿੰਨਾ ਆਪਣੇ ਹੀ ਮੁਲਕ ਵਿੱਚ ਇਨਸਾਫ ਲੈਣ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਵਿਵਹਾਰ ਦਾ ਹੋਇਆ।