ਫਰੀਦਕੋਟ : ਕੋਟਕਪੂਰਾ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੋਟਕਪੂਰਾ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਂ 'ਤੇ ਵੱਟਸਐਪ ਕਾਲ ਕਰਕੇ ਸ਼ਹਿਰ ਦੇ ਇੱਕ ਸਮਾਜਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਵਾਜ ਕੱਢ ਕੇ ਠੱਗੀ ਦੀ ਕੋਸ਼ਿਸ਼ : ਜਾਣਕਾਰੀ ਅਨੁਸਾਰ ਕੋਟਕਪੂਰਾ ਸ਼ਹਿਰ ਦੇ ਸਮਾਜਸੇਵੀ ਰਾਜਨ ਕੁਮਾਰ ਜੈਨ ਨੂੰ ਕਿਸੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਵਾਜ ਕੱਢ ਕੇ ਉਨ੍ਹਾਂ ਬੱਚੇ ਦੀ ਪੜ੍ਹਾਈ ਦੇ ਸਬੰਧ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਊਂਟ ਵਿੱਚ 27543 ਰੁਪਏ ਜਮਾ ਕਰਵਾਉਣ ਲਈ ਆਖਿਆ ਅਤੇ ਬਾਅਦ ਵਿੱਚ ਪਿੰਡ ਸੰਧਵਾਂ ਕੋਠੀ ਆ ਕੇ ਉਨ੍ਹਾਂ ਤੋਂ ਇਹ ਰਾਸ਼ੀ ਲੈ ਕੇ ਜਾਣ ਦੀ ਵੀ ਗੱਲ ਕੀਤੀ। ਇਸ ਸਬੰਧ ਵਿੱਚ ਰਾਜਨ ਕੁਮਾਰ ਜੈਨ ਨੇ ਦੱਸਿਆ ਕਿ ਉਸਨੂੰ 82840-18024 ਨੰਬਰ ਤੋਂ ਇੱਕ ਵਟਸਐਪ ਕਾਲ ਆਈ, ਜਿਸ ਦੀ ਆਈ.ਡੀ. ਦੇ ਉਪਰ ਅਜੇ ਐਮ.ਐਲ.ਏ. ਆਫਿਸ ਲਿਖਿਆ ਹੋਇਆ ਸੀ।
ਫੋਨ ਕਰਨ ਵਾਲਾ ਸ਼ਾਤਿਰ: ਜੈਨ ਨੇ ਦੱਸਿਆ ਕਿ ਇਸ ਨੰਬਰ ਤੋਂ ਇਕ ਵਿਅਕਤੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਵਾਜ ਕੱਢ ਕੇ ਉਸਨੂੰ ਦੱਸਿਆ ਕਿ ਉਸਦੇ ਬੱਚੇ ਦੀ ਫੀਸ 27543 ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਪੀ.ਐਨ.ਬੀ. ਦੇ ਅਕਾਊਂਟ ਵਿੱਚ ਭਰਨੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਾਰ-ਵਾਰ ਫੋਨ ਆਉਂਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਸਪੀਕਰ ਸੰਧਵਾਂ ਨੂੰ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲਾ ਇਹ ਵਿਅਕਤੀ ਕਾਫੀ ਸ਼ਾਤਿਰ ਕਿਸਮ ਦਾ ਲੱਗਦਾ ਹੈ,ਕਿਉਂਕਿ ਉਹ ਸਪੀਕਰ ਸਾਹਿਬ ਦੇ ਘਰ ਆਉਣ-ਜਾਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪੀ.ਏ ਆਦਿ ਦਾ ਵੀ ਨਾਂ ਲੈ ਕੇ ਗੱਲ ਕਰ ਰਿਹਾ ਸੀ। ਇਸ ਮਾਮਲੇ ਵਿਚ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰ ਦਿਤੀ ਹੈ।
ਇਸ ਮਾਮਲੇ ਵਿੱਚ ਡੀਐਸਪੀ (ਡੀ) ਫਰੀਦਕੋਟ ਸੰਜੀਵ ਕੁਮਾਰ ਨੇ ਦੱਸਿਆ ਕਿ ਕੋਟਕਪੂਰਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਵਟਸਐਪ ਨੰਬਰ ਨੂੰ ਕੁਝ ਲੋਕਾਂ ਨੇ ਫੋਨ ਕਰਕੇ ਵਿਧਾਨਸਭਾ ਸਪੀਕਰ ਦੇ ਨਾਂ ਤੇ ਠੱਗੀ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸੋਸ਼ਲ ਮੀਡੀਆ ਤੇ ਫਰਾਡ ਕਾਲ ਕਰਕੇ ਠੱਗੀ ਦੇ ਮਾਮਲੇ ਵੱਧ ਰਹੇ ਹਨ। ਆਮ ਲੋਕਾਂ ਨੂੰ ਇਹੋ ਜਿਹੇ ਫਰਾਡ ਕਾਲ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।