ਅੰਮ੍ਰਿਤਸਰ: ਅੱਜ ਲੋਹੜੀ ਦਾ ਤਿਓਹਾਰ ਦੇਸ਼ ਭਰ ਵਿੱਚ ਧੁਮਧਾਮ ਨਾਲ ਮਣਾਇਆ ਜਾ ਰਿਹਾ ਹੈ। ਖਾਸ ਕਰਕੇ ਪੰਜਾਬ ਵਿੱਚ ਲੋਹੜੀ ਮੌਕੇ ਪਤੰਗਬਾਜ਼ੀ ਵਧੇਰੇ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਲੋਕਾਂ ਵੱਲੋਂ ਚਾਈਨਾ ਡੋਰ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਸਰ ਵੱਲੋਂ ਖ਼ਾਸ ਉਪਰਾਲਾ ਵੀ ਕੀਤਾ ਗਿਆ ਹੈ। ਦਰਅਸਲ ਅੰਮ੍ਰਿਤਸਰ ਪੁਲਿਸ ਨੇ ਅੱਜ ਸ਼ਹਿਰ ਵਿੱਚ ਭੰਡਾਰੀ ਪੁੱਲ ਤੇ ਐਲੀਵੇਟਿਡ ਰੋਡ ਪੁੱਲ ਤੋਂ ਦੋ ਪਹੀਆ ਵਾਹਨਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਲਗਾਉਂਦੇ ਹੋਏ ਨਾਕਾ ਲਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਾਨੂੰਨ ਦੇ ਨਿਯਮਾਂ ਦੀ ਪਾਲਨਾ ਕੀਤੀ ਜਾਵੇ, ਨਾ ਕਿ ਬਹਿਸਬਾਜ਼ੀ ਕੀਤੀ ਜਾਵੇ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਲੋਹੜੀ 'ਤੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਦਿਨ ਲਈ ਲੋਕਾਂ ਨੂੰ ਫਲਾਈ ਓਵਰ ਦਾ ਇਸਤਮਾਲ ਕਰਨ ਦੀ ਬਜਾਏ ਪੁੱਲ ਦੇ ਹੇਠਾਂ ਤੋਂ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਨੂੰ ਚਾਈਨਾ ਡੋਰ ਜਾਂ ਫਿਰ ਕਿਸੀ ਹੋਰ ਡੋਰ ਨਾਲ ਨੁਕਸਾਨ ਨਾ ਹੋਵੇ।
ਲੋਕ ਸਮਝਣ ਲਈ ਨਹੀਂ ਤਿਆਰ
ਇਸ ਮੌਕੇ ਟਰੈਫਿਕ ਪੁਲਿਸ ਅਧਿਕਾਰੀ ਮੰਗਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ 'ਤੇ ਸਿਰਫ਼ ਚਾਰ ਪਹੀਆ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਬਟਾਲਾ ਰੋਡ ਪੁੱਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ 'ਤੇ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਐਲੀਵੇਟਿਡ ਸੜਕਾਂ ਨੂੰ ਖਾਸ ਤੌਰ 'ਤੇ ਅੱਜ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਪਰ ਲੋਕ ਉਹਨਾਂ ਦੀ ਗੱਲ ਨੂੰ ਸਮਝਣ ਦੀ ਬਜਾਏ ਲੜਾਈ ਕੀਤੀ ਜਾ ਰਹੀ ਹੈ ਲੋਕ ਬਹਿਸ ਕਰ ਰਹੇ ਹਨ। ਇਸ 'ਤੇ ਵੀ ਪੁਲਿਸ ਉਹਨਾਂ ਨੂੰ ਪਿਆਰ ਨਾਲ ਸਮਝਾਅ ਰਹੀ ਹੈ ਕਿ ਉਹਨਾਂ ਦੀ ਜਾਨ ਨਾਲੋਂ ਕੀਮਤੀ ਕੁਝ ਵੀ ਨਹੀਂ ਹੈ।
ਚਾਈਨਾ ਡੋਰ ਨਾਲ ਹੋ ਰਹੇ ਹਾਦਸੇ
ਉਹਨਾਂ ਕਿਹਾ ਕਿ ਕਈ ਲੋਕ ਸਾਡੇ ਟਰੈਫਿਕ ਕਰਮਚਾਰੀਆਂ ਨਾਲ ਬਹਿਸਬਾਜ਼ੀ ਵੀ ਕਰ ਰਹੇ ਹਨ। ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਕਾਨੂੰਨ ਦੀ ਨਿਯਮ ਦੀ ਪਾਲਣ ਕੀਤੀ ਜਾਵੇ ਉਹਨਾਂ ਕਿਹਾ ਕਿ ਕਿਉਂਕਿ ਇਹ ਚਾਈਨਾ ਡੋਰ ਖੂਨੀ ਡੋਰ ਹੈ ਜਿਸ ਨਾਲ ਪੁੱਲ ਦੇ ਉੱਤੋਂ ਲੰਘ ਰਹੇ ਲੋਕਾਂ ਦੇ ਨਾਲ ਕਈ ਵਾਰ ਹਾਦਸੇ ਹੋ ਚੁੱਕੇ ਹਨ। ਕਈ ਵਾਰ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ। ਜਿਸ ਦੇ ਚਲਦੇ 2 ਪਹੀਆਂ ਵਾਹਨ ਪੂਰੀ ਤਰ੍ਹਾਂ ਬੰਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਾਡੀ ਪੁਲਿਸ ਦੀਆਂ ਟੀਮਾਂ ਵੀ ਡਰੋਨ ਦੇ ਰਾਹੀਂ ਚਾਈਨਾ ਡੋਰ 'ਤੇ ਪਤੰਗਬਾਜ਼ੀ ਕਰਨ ਵਾਲਿਆਂ ਉੱਤੇ ਪੂਰੀ ਤਰ੍ਹਾਂ ਨਿਗਾਹ ਰੱਖ ਰਹੀਆਂ ਹਨ।