ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਇਲਾਕੇ ਦੇ ਘਰ ਵਿੱਚ ਇੱਕ ਵਿਅਕਤੀ ਵੱਲੋਂ 70 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
70 ਲੱਖ ਰੁਪਏ ਦੀ ਚੋਰੀ ਹੋਣ ਦਾ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਵਿਨੀਤ ਇਹਲਾਵਤ ਨੇ ਦੱਸਿਆ ਕੀ 6 ਜਨਵਰੀ ਨੂੰ ਪ੍ਰਤਾਪ ਨਗਰ ਇਲਾਕੇ ਵਿੱਚ ਇੱਕ ਘਰ ਦੇ ਅੰਦਰ 70 ਲੱਖ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਪਰਿਵਾਰ ਨੇ ਦੱਸਿਆ ਸੀ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਸਸਕਾਰ ਲਈ ਸ਼ਹੀਦਾਂ ਸਾਹਿਬ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਗਏ ਸਨ ਅਤੇ ਪਿੱਛੋਂ ਉਨ੍ਹਾਂ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਹਰ ਪੱਖ ਤੋਂ ਜਾਂਚ ਕਰਦੇ ਹੋਏ 24 ਘੰਟਿਆਂ ਵਿੱਚ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
1150 ਗ੍ਰਾਮ ਸੋਨੇ ਦੇ ਗਹਿਣਿਆਂ ਦੀ ਬਰਾਮਦਗੀ
ਏਸੀਪੀ ਵਿਨੀਤ ਇਹਲਾਵਤ ਮੁਤਾਬਿਕ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਵੀਰੂ ਦੇ ਰੂਪ ਵਿੱਚ ਹੋਈ ਹੈ ਜੋ ਕਿ ਨਿਊ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਵੀ ਹਾਸਿਲ ਕੀਤਾ ਹੈ ਅਤੇ ਉਸ ਦੇ ਕੋਲੋਂ ਬਰੀਕੀ ਨਾਲ ਪੁੱਛਗਿੱਛ ਕਰਕੇ ਚੋਰੀ ਕੀਤੇ ਹੋਏ 1150 ਗ੍ਰਾਮ ਸੋਨੇ ਅਤੇ ਗਹਿਣਿਆਂ ਦੀ ਬਰਾਮਦਗੀ ਵੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਏ ਮੁਲਜ਼ਾਮਾਂ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਵਿੱਚ ਦੋ ਮਾਮਲੇ ਦਰਜ ਹਨ।