ਅੰਮ੍ਰਿਤਸਰ: ਪੰਜਾਬ ਵਿੱਚ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਪੁਲਿਸ ਪੂਰੀ ਸਤਰਕ ਹੈ। ਇਸ ਮੁਹਿੰਮ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਵੱਲੋਂ ਸੱਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਕੋਲੋਂ 11 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।
ਵਿਦੇਸ਼ਾਂ ਤੋਂ ਚਲਦਾ ਸੀ ਨੈਟਵਰਕ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਲਜ਼ਮ ਅਮਰੀਕਾ ਅਤੇ ਆਸਟਰੇਲੀਆ ਬੈਠੇ ਆਪਣੇ ਮਾਲਕਾਂ ਲਈ ਕੰਮ ਕਰ ਰਹੇ ਸਨ ਅਤੇ ਅੰਮ੍ਰਿਤਸਰ ਦੇ ਨਾਲ-ਨਾਲ ਤਰਨ ਤਾਰਨ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਇਹ ਮੁਲਜ਼ਮ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆ ਕੇ ਅੰਮ੍ਰਿਤਸਰ ਅਤੇ ਤਰਨਤਾਰਨ ਬੈਠੇ ਸ਼ਰਾਰਤੀ ਅਨਸਰਾਂ ਨੂੰ ਸਪਲਾਈ ਕਰਦੇ ਸਨ ਅਤੇ ਉਸ ਤੋਂ ਬਾਅਦ ਫਿਰੌਤੀਆਂ ਅਤੇ ਕਤਲ ਜਿਹੇ ਕਾਰਨਾਮੇ ਕਰਨ ਲਈ ਇਹ ਹਥਿਆਰ ਵਰਤੇ ਜਾਂਦੇ ਸਨ।
ਜੇਲ੍ਹ ਨਾਲ ਵੀ ਜੁੜਿਆ ਕਨੈਕਸ਼ਨ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਿਰਫ ਆਪਣੇ ਆਕਾਵਾਂ ਦੇ ਕਹਿਣ ਦੇ ਉੱਪਰ ਸੁਨਸਾਨ ਜਗ੍ਹਾ ਦੇ ਉੱਪਰ ਹੀ ਹਥਿਆਰ ਛੱਡ ਕੇ ਆ ਜਾਂਦੇ ਸਨ। ਹੁਣ ਮੁਲਜ਼ਮਾਂ ਨੂੰ ਕਾਬੂ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਹਥਿਆਰ ਅੱਗੇ ਕਿਸ ਨੂੰ ਦਿੱਤੇ ਗਏ ਅਤੇ ਕਿਹੜੀ ਵਾਰਦਾਤ ਵਿੱਚ ਇੰਨਾ ਦਾ ਇਸਤੇਮਾਲ ਹੋਇਆ। ਪੁਲਿਸ ਨੇ ਇੱਕ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਜੇਲ੍ਹ ਵਿੱਚ ਬੈਠਾ ਗੈਂਗਸਟਰ ਕੁਨਾਲ ਮਹਾਜਨ ਸਿਗਨਲ ਐਪ ਦੇ ਜ਼ਰੀਏ ਗੱਲਬਾਤ ਕਰਕੇ ਹਥਿਆਰ ਸਪਲਾਈ ਕਰਵਾਉਂਦਾ ਸੀ।
ਹੋਰ ਬਰੀਕੀ ਨਾਲ ਜਾਂਚ: ਫਿਲਹਾਲ ਪੁਲਿਸ ਵੱਲੋਂ ਕੁਨਾਲ ਮਹਾਜਨ ਨੂੰ ਵੀ ਪ੍ਰੋਟੈਕਸ਼ਨ ਵਰੰਟ ਉੱਤੇ ਲਿਆਂਦਾ ਜਾ ਰਿਹਾ ਹੈ। ਅੱਗੇ ਬੋਲਦੇ ਹੋਏ ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹਨਾਂ ਸਾਰਿਆਂ ਨੂੰ ਕਾਬੂ ਕਰਕੇ ਪੁਲਿਸ ਨੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਹੋਰ ਬਰੀਕੀ ਨਾਲ ਜਾਂਚ ਕਰ ਰਹੀ ਹੈ।