ਬਠਿੰਡਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਿਸਾਨਾਂ ਉਤੇ ਹਰਿਆਣਾ ਸਰਕਾਰ ਵਲੋਂ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਐੱਸਐੱਸਪੀ ਪਟਿਆਲਾ ਨੂੰ ਰਸਮੀ ਸ਼ਿਕਾਇਤ ਵੀ ਦਿੱਤੀ ਗਈ ਹੈ। ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਤੇ ਹੋਰ ਕਿਸਾਨਾਂ ਨੂੰ ਜ਼ਖਮੀ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਦਾ ਨੁਕਸਾਨ ਕਰਨ ਖਿਲਾਫ਼ ਪੰਜਾਬ ਪੁਲਿਸ ਤੁਰੰਤ ਕੇਸ/ਐਫਆਈਆਰ ਦਰਜ ਕਰੇ ਅਤੇ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਅਤੇ ਹੋਰ ਸਾਰੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
ਪੰਜਾਬ ਸਰਕਾਰ ਨੇ ਟੇਕੇ ਕੇਂਦਰ ਅੱਗੇ ਗੋਡੇ: ਇਸ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਦੌਰਾਨ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਭਗਤ ਰਵਿਦਾਸ ਜੀ ਦੀ ਸੋਚ 'ਤੇ ਪਹਿਰਾ ਦੇ ਕੇ ਕੰਮ ਕਰਨ ਦੀ ਤਾਂ ਜੋ ਦੇਸ਼ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਉਹਨਾਂ ਕਿਸਾਨੀ ਅੰਦੋਲਨ 'ਤੇ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਹਰਿਆਣਾ ਪੁਲਿਸ ਪੰਜਾਬ ਦੇ ਅੰਦਰ ਦਾਖਲ ਹੋ ਕੇ ਨੌਜਵਾਨ ਦਾ ਕਤਲ ਕਰ ਗਈ ਹੈ ਤੇ ਕਿਸਾਨਾਂ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੈ।
ਇੱਕ ਗੋਲੀ ਦਾ ਦੋ ਗੋਲੀਆਂ ਨਾਲ ਜਵਾਬ ਦੇਣਾ ਚਾਹੀਦਾ: ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਚਾਹੀਦਾ ਹੈ ਕਿ ਪੰਜਾਬ ਦੇ ਬਾਰਡਰਾਂ 'ਤੇ ਸਾਰੀ ਪੰਜਾਬ ਪੁਲਿਸ ਨੂੰ ਤੈਨਾਤ ਕੀਤਾ ਜਾਵੇ। ਜੇਕਰ ਹਰਿਆਣਾ ਪੁਲਿਸ ਇੱਕ ਗੋਲੀ ਮਾਰਦੀ ਹੈ ਤਾਂ ਸਾਨੂੰ ਦੋ ਮਾਰਨੀਆਂ ਚਾਹੀਦੀਆਂ ਹਨ। ਅਸੀਂ ਅਹਿੰਸਾ ਨਹੀਂ ਚਾਹੁੰਦੇ ਪਰ ਕਿਸਾਨਾਂ ਦੇ ਸਿਰ 'ਤੇ ਦੁਨੀਆਂ ਚੱਲਦੀ ਹੈ, ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ। ਅਜਿਹੇ ਹਾਲਾਤ ਵਿੱਚ ਜੇਕਰ ਕਿਸਾਨ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰਨ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ, ਰੋਕਣਾ ਗਲਤ ਹੈ। ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨੌਕਰੀ ਦਿੱਤੀ ਜਾਵੇ।
ਪੰਜਾਬੀਆਂ ਨੂੰ ਸਿਰਫ਼ ਖਾਲਿਸਤਾਨੀ ਬਣਾ ਕੇ ਰੱਖ ਦਿੱਤਾ: ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਹੱਲ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਹਰ ਲੜਾਈ ਵਿੱਚ ਅੱਗੇ ਹੋ ਕੇ ਸਾਥ ਦਿੱਤਾ ਪਰ ਅਫਸੋਸ ਅੱਜ ਭਾਜਪਾ ਨੇ ਪੱਗ ਵਾਲੇ ਇਨਸਾਨ ਨੂੰ ਖਾਲਿਸਤਾਨੀ ਬਣਾ ਕੇ ਰੱਖ ਦਿੱਤਾ ਹੈ। ਵੈਸਟ ਬੰਗਾਲ ਵਿੱਚ ਪੱਗ ਵਾਲੇ ਅਫਸਰ ਨਾਲ ਜਿਸ ਤਰੀਕੇ ਨਾਲ ਵਿਤਕਰੇਬਾਜ਼ੀ ਅਤੇ ਤਕਰਾਰਬਾਜ਼ੀ ਹੋਈ ਉਹ ਨਿੰਦ ਯੋਗ ਹੈ। ਜਦੋਂ ਕਿ ਚਾਹੀਦਾ ਹੈ ਕਿ ਭਾਜਪਾ ਹਰ ਵਰਗ ਦੀ ਤਰਜਮਾਨੀ ਕਰਨ ਦੀ ਜਿੰਮੇਵਾਰੀ ਨਿਭਾਵੇ ਪਰ ਅੱਜ ਅਜਿਹੇ ਹਾਲਾਤ ਬਣਾਉਣੇ ਨਿੰਦਣਯੋਗ ਹਨ, ਜਿਸ ਦੀ ਕਾਂਗਰਸ ਪਾਰਟੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਜੇਕਰ ਰਾਜਨੀਤਿਕ ਆਗੂਆਂ ਦਾ ਸਹਿਯੋਗ ਮੰਗਿਆ ਜਾਂਦਾ ਹੈ ਤਾਂ ਉਹ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਕਿਸਾਨੀ ਅੰਦੋਲਨ ਵਿੱਚ ਮੌਕੇ 'ਤੇ ਪਹੁੰਚ ਕੇ ਡੱਟ ਕੇ ਸਾਥ ਦੇਣਗੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਅੱਗੇ ਆ ਕੇ ਕਿਸਾਨਾਂ ਨਾਲ ਡੱਟ ਕੇ ਖੜਨ ਅਤੇ ਪੂਰੀ ਮਦਦ ਕੀਤੀ ਜਾਵੇ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕੀਤੇ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਅੱਜ ਚੁੱਪ ਕਿਉਂ ਹਨ।