ਲੁਧਿਆਣਾ: ਕਾਦੀਆਂ ਦੇ ਸਰਪੰਚ ਕਰਮ ਚੰਦ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਇਨਸਾਫ਼ ਦੀ ਗੁਹਾਰ ਲਾਈ ਹੈ। ਪੀੜਤ ਧਿਰ ਦਾ ਇਲਜ਼ਾਮ ਹੈ ਕਿ ਥਾਣਾ ਲਾਡੋਵਾਲ ਦੀ ਪੁਲਿਸ ਉਨ੍ਹਾਂ ’ਤੇ ਸਮਝੌਤਾ ਕਰਵਾਉਣ ਲਈ ਦਬਾਅ ਪਾ ਰਹੀ ਹੈ। ਪਿੰਡ ਕਾਦੀਆ ਦੇ ਸਰਪੰਚ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਜੁਲਾਈ ਨੂੰ ਗੁਰਤੇਜ ਸਿੰਘ ਵੱਲੋਂ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਸੀ ਅਤੇ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਗਲਤੀ ਮੰਨੀ। ਕਾਰ ਦੀ ਮੁਰੰਮਤ ਕਰਵਾਉਣ ਲਈ ਸਮਝੌਤਾ ਹੋ ਗਿਆ ਪਰ ਕੁਝ ਦਿਨਾਂ ਬਾਅਦ ਜਦੋਂ ਪੀੜਤ ਧਿਰ ਨੇ ਉਨ੍ਹਾਂ ਕੋਲੋਂ ਕਾਰ ਦੀ ਮੁਰੰਮਤ ਕਰਵਾਉਣ ਲਈ ਮੁਆਵਜ਼ਾ ਮੰਗਿਆ ਤੇ ਜਦੋਂ ਮੁਆਵਜ਼ਾ ਨਾ ਮਿਲਿਆ ਤਾਂ 13 ਜੁਲਾਈ ਨੂੰ ਗੁਰਤੇਜ ਸਿੰਘ ਵਿਰੁੱਧ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ ਨੇ ਇੱਕ ਵਾਰ ਵੀ ਮੁਲਜ਼ਮਾਂ ਨੂੰ ਥਾਣੇ ਨਹੀਂ ਬੁਲਾਇਆ।
ਦਲਿਤ ਸਰਪੰਚ ਨਾਲ ਕੁੱਟਮਾਰ ਦਾ ਦੋਸ਼: ਸਰਪੰਚ ਕਰਮਚੰਦ ਨੇ ਦੱਸਿਆ ਕਿ ਬੀਤੀ 27 ਜੁਲਾਈ ਨੂੰ ਕਿਸਾਨ ਯੂਨੀਅਨ ਦੇ ਪ੍ਰਧਾਨ ਇੰਦਰਵੀਰ ਸਿੰਘ, ਉਸ ਦੇ ਸਾਥੀ ਗੁਰਤੇਜ ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਨੇ ਉਸ 'ਤੇ ਪਿੰਡ ਵਿੱਚ ਸਵੇਰੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਜਾਤੀ ਸੂਚਕ ਸ਼ਬਦਾਵਲੀ ਵਰਤ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਲਟਾ ਮੁਲਜ਼ਮ ਇੰਦਰਵੀਰ ਸਿੰਘ ਨੇ ਪੁਲਿਸ ਨੂੰ ਬੁਲਾ ਕੇ ਥਾਣਾ ਲਾਡੋਵਾਲ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਪੁਲਿਸ ਨੇ ਮੁਲਜ਼ਮਾਂ ਦਾ ਸਾਥ ਦਿੱਤਾ ਅਤੇ ਸਾਨੂੰ 8 ਘੰਟੇ ਥਾਣੇ 'ਚ ਬਿਠਾ ਕੇ ਮਾਨਸਿਕ ਤੌਰ 'ਤੇ ਤਸ਼ੱਦਦ ਕੀਤਾ।
ਪ੍ਰਸ਼ਾਸਨ ਨੂੰ ਦਲਿਤ ਭਾਈਚਾਰੇ ਦੀ ਚਿਤਾਵਨੀ: ਉਧਰ ਦੂਜੇ ਪਾਸੇ ਦਲਿਤ ਭਾਈਚਾਰੇ ਦੇ ਆਗੂਆਂ ਨੇ ਵੀ ਸਰਪੰਚ ਦਾ ਸਾਥ ਦੇਣ ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਅੱਜ ਵੀ ਸਮਾਜ ਦੇ ਵਿੱਚ ਦਲਿਤ ਭਾਈਚਾਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਉਹ ਅਧਿਕਾਰ ਦਿੱਤੇ ਹਨ। ਦਲਿਤ ਭਾਈਚਾਰੇ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ 5 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇਕਰ ਐਸਸੀ/ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਧੜੇਬਾਜ਼ੀ ਹੋਣੀ ਸ਼ੁਰੂ ਹੋ ਗਈ ਹੈ ਅਤੇ ਦਲਿਤ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਨੇ ਨਕਾਰੇ ਇਲਜ਼ਾਮ: ਉਥੇ ਹੀ ਜਦੋਂ ਦੂਜੇ ਪਾਸੇ ਕਿਸਾਨ ਆਗੂ ਇੰਦਰਵੀਰ ਸਿੰਘ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਜ਼ਰੂਰ ਕਿਹਾ ਹੈ ਕਿ ਜੋ ਇਲਜ਼ਾਮ ਲਗਾ ਰਿਹਾ ਹੈ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਉਸ ਦਾ ਮੈਡੀਕਲ ਵੀ ਕਰਵਾਇਆ ਹੈ ਤੇ ਉਹ ਜਿੰਨੇ ਵੀ ਇਲਜ਼ਾਮ ਲਗਾ ਰਹੇ ਹਨ ਸਾਰੇ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਅਸੀਂ ਹਰ ਪੱਖ ਤੋਂ ਗੱਲ ਕਰਨ ਲਈ ਤਿਆਰ ਹਾਂ ਤੇ ਉਹਨਾਂ ਨੇ ਇਲਜ਼ਾਮਾਂ ਨੂੰ ਨਕਾਰਿਆ ਹੈ।
- ਹਾਦਸਿਆਂ ਦਾ ਸਬੱਬ ਬਣਦਾ ਟੋਲ ਪਲਾਜ਼ਾ ਕਿਸਾਨਾਂ ਨੇ JCB ਮਸ਼ੀਨ ਨਾਲ ਕੀਤਾ ਢਹਿ-ਢੇਰੀ, ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ - farmers collapsed toll plaza
- ਅਮਰੀਕਾ ਭੇਜਣ ਦੇ ਨਾਂ 'ਤੇ ਠੱਗੇ 25 ਲੱਖ ਰੁਪਏ, ਇਨਸਾਫ਼ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ ਮਾਂ, ਸੁਣੋ ਤਾਂ ਜਰਾ ਕੀ ਬੋਲੀ... - 25 lakh rupees fraud
- ਜਵਾਹਰ ਨਵੋਦਿਆ ਸਕੂਲ ’ਚ ਰੈਗਿੰਗ, 12ਵੀਂ ਦੇ ਵਿਦਿਆਰਥੀਆਂ ਨੇ 10ਵੀਂ ਦੇ ਵਿਦਿਆਰਥੀ ਕੁੱਟੇ, ਹਸਪਤਾਲ ਦਾਖ਼ਲ - Jawahar Navodaya School