ਅੰਮ੍ਰਿਤਸਰ: ਗੱਲ ਜੇਕਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਕੀਤੀ ਜਾਵੇ, ਤਾਂ ਇੱਥੇ ਚੋਣ ਅਖਾੜਾ ਬੇਹੱਦ ਭੱਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਸੀਟ 'ਤੇ ਜਿੱਤ ਯਕੀਨੀ ਬਣਾਉਣ ਲਈ ਹਰ ਇੱਕ ਪਾਰਟੀ ਜਾਂ ਫਿਰ ਕਹਿ ਲਓ ਕਿ ਆਜ਼ਾਦ ਉਮੀਦਵਾਰ ਪੱਬਾਂ ਭਾਰ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਆਪਣੇ ਵਿਰੋਧੀ ਉਮੀਦਵਾਰਾਂ ਉੱਤੇ ਲਗਾਤਾਰ ਤੰਜ ਕੱਸ ਰਹੇ ਹਨ।
ਇਸੇ ਲੜੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੁੱਜ ਕੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੋਣ ਪ੍ਰਚਾਰ ਕਰਨ ਜੰਡਿਆਲਾ ਗੁਰੂ ਵਿਖੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਜਿੱਥੇ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਸੀਟ ਭਾਰੀ ਬਹੁਮਤ ਨਾਲ ਜਿੱਤਣ ਦਾ ਦਾਅਵਾ ਕੀਤਾ ਗਿਆ ਹੈ।
ਮੈਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ : ਇਸ ਦੌਰਾਨ ਜਦੋਂ ਵਿਰਸਾ ਸਿੰਘ ਵਲਟੋਹਾ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਪੰਥਕ ਸੀਟ ਦੇ ਉੱਤੇ ਚੋਣ ਲੜ ਰਹੇ ਹੋ, ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣਾ ਪਵੇਗਾ ਕਿ ਮੈਂ ਪੰਥਕ ਹਾਂ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਇਦਾਂ ਤਾਂ ਜ਼ੀਰਾ ਵੀ ਕਹਿੰਦਾ ਹੈ ਕਿ, "ਮੈਂ ਪੰਥਕ ਹਾਂ।"
ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿੱਜੀ ਨਿਊਜ਼ ਚੈਨਲ ਉੱਤੇ ਇੰਟਰਵਿਊ ਦੌਰਾਨ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਵੱਲੋਂ ਕਿਹਾ ਗਿਆ ਸੀ ਕਿ, 'ਮੇਰੇ ਤੇ ਪਰਿਵਾਰ ਜਾਂ ਪਿਤਾ ਜੀ ਦੇ ਨਾਮ ਦੇ ਨਾਲ ਜਥੇਦਾਰ ਲੱਗਦਾ ਸੀ, ਵਿਰਸਾ ਸਿੰਘ ਵਲਟੋਹਾ ਜੋ ਆਪਣੇ ਆਪ ਨੂੰ ਪੰਥਕ ਕਹਿੰਦੇ ਹਨ, ਅੱਜ ਤੱਕ ਉਨ੍ਹਾਂ ਦੇ ਨਾਮ ਦੇ ਨਾਲ ਜਥੇਦਾਰ ਵੀ ਨਹੀਂ ਲੱਗਿਆ ਹੈ।'
ਤਲਬੀਰ ਗਿੱਲ ਉੱਤੇ ਕੱਸਿਆ ਤੰਜ : ਇਸ ਦੇ ਨਾਲ ਹੀ, ਸ਼੍ਰੋਮਣੀ ਅਕਾਲੀ ਦਲ ਵਿੱਚੋਂ ਖਫਾ ਹੋ ਕੇ ਜਾ ਰਹੇ ਜਾਂ ਕੱਢੇ ਜਾ ਰਹੇ ਲੀਡਰਾਂ ਦੇ ਉੱਤੇ ਸਵਾਲ ਕੀਤਾ ਗਿਆ ਤਾਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਨੂੰ ਉਨ੍ਹਾਂ ਵੱਲੋਂ ਸਿਆਸਤ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ, ਜਦ ਬੀਤੇ ਸਮੇਂ ਦੌਰਾਨ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਕੋਈ ਰੈਲੀ ਹੁੰਦੀ ਸੀ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੱਜੇ ਬੰਨੇ ਤਲਬੀਰ ਸਿੰਘ ਗਿੱਲ ਖੜਦੇ ਹੁੰਦੇ ਸੀ, ਪਰ ਬੀਤੇ ਦਿਨੀਂ ਮੈਂ ਦੇਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਵਿੱਚ ਰੈਲੀ ਕੀਤੀ ਜਾ ਰਹੀ ਸੀ ਤੇ ਇਹ (ਗਿੱਲ) ਨੁਕਰੇ ਲੱਗਾ ਹੋਇਆ ਸੀ ਅਤੇ ਭਗਵੰਤ ਮਾਨ ਨੇ ਉਸ ਵੱਲ ਝਾਕਿਆ ਵੀ ਨਹੀਂ।"
ਅੰਮ੍ਰਿਤਪਾਲ ਸਿੰਘ ਬਾਰੇ ਕੀ ਬੋਲੇ ਵਿਰਸਾ ਸਿੰਘ ਵਲਟੋਹਾ: ਜਦੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਬਾਰੇ ਵਲਟੋਹਾ ਨੂੰ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਮੇਰਾ ਛੋਟਾ ਵੀਰ ਹੈ ਅਤੇ ਹਰ ਇੱਕ ਨੂੰ ਲੋਕਤੰਤਰ ਵਿੱਚ ਚੋਣ ਲੜਨ ਦਾ ਹੱਕ ਜ਼ਰੂਰ ਹੈ।