ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅੱਜ ਤੋਂ ਸ਼ੁਰੂ ਹੋਏ ਕਿਸਾਨ ਮੇਲੇ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਰਸਮੀ ਤੌਰ 'ਤੇ ਮੇਲੇ ਦਾ ਆਗਾਜ਼ ਕਰਵਾਇਆ ਗਿਆ।
ਕੇਜਰੀਵਾਲ ਸਾਡੇ ਪਾਰਟੀ ਦੇ ਸੁਪਰੀਮੋ
ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ 'ਤੇ ਅੱਜ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਪਾਰਟੀ ਦੇ ਸੁਪਰੀਮੋ ਹਨ। ਉਨ੍ਹਾਂ ਨੇ ਦੇਸ਼ ਦੇ ਵਿੱਚ ਇੱਕ ਨਵੀਂ ਰਾਜਨੀਤੀ ਲਿਆਂਦੀ ਅਤੇ ਲੋਕਾਂ ਦੀ ਗੱਲ ਕੀਤੀ ਅਤੇ ਲੋਕਾਂ ਦੇ ਮੁੱਦੇ ਚੁੱਕੇ ਹਨ।
ਵਾਤਾਵਰਨ ਨੂੰ ਬਚਾਉਣਾ ਵੀ ਸਾਡਾ ਸਾਰਿਆਂ ਦਾ ਫਰਜ਼
ਇਸ ਦੌਰਾਨ ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਅਤੇ ਕਿਸਾਨੀ ਲਈ ਇਹ ਮੇਲਾ ਲੱਗਿਆ ਹੈ। ਉਨ੍ਹਾਂ ਕਿਹਾ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਉਨ੍ਹਾਂ ਦਾ ਅਹਿਮ ਰੋਲ ਰਿਹਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਾਡਾ ਆਪਣਾ ਸੂਬਾ ਹੈ। ਇਸ ਕਰਕੇ ਇਸ ਦੇ ਵਾਤਾਵਰਨ ਨੂੰ ਬਚਾਉਣਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਵਿੱਚ ਕਿਸਾਨ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਸਹਿਯੋਗ ਦੇ ਨਾਲ ਇਸ ਵਾਰ ਮਸ਼ੀਨਰੀ ਲਈ ਵੀ ਸਾਡੇ ਕੋਲ 20000 ਤੋਂ ਵੱਧ ਇਹ ਪੱਤਰ ਆਏ ਸਨ ਅਤੇ 350 ਕਰੋੜ ਰੁਪਏ ਦੀ ਮਸ਼ੀਨਰੀ ਲਿਆਂਦੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰਤੀ ਏਕੜ 7 ਹਜ਼ਾਰ ਰੁਪਏ ਸਬਸਿਡੀ ਦੇਣਾ ਘੱਟ
ਇਸ ਮੌਕੇ ਉਨ੍ਹਾਂ ਕਿਸਾਨਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਝੋਨੇ ਦੇ ਬਦਲ ਵੱਜੋਂ ਕਿਸਾਨਾਂ ਨੂੰ ਬਦਲਵੀਂ ਫਸਲਾਂ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪਰ, ਉਹ ਖੁਦ ਸਮਝ ਦੇ ਹਨ ਕਿ ਪ੍ਰਤੀ ਏਕੜ 7 ਹਜ਼ਾਰ ਰੁਪਏ ਸਬਸਿਡੀ ਦੇਣਾ ਘੱਟ ਹੈ, ਪਰ ਅਸੀਂ ਇਸ ਸਬੰਧੀ ਕੰਮ ਕਰ ਰਹੇ ਹਨ। ਹਾਲਾਂਕਿ ਅੰਮ੍ਰਿਤਪਾਲ 'ਤੇ ਪੁੱਛੇ ਸਵਾਲ 'ਤੇ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।