ਲੁਧਿਆਣਾ: 2024 ਲੋਕ ਸਭਾ ਚੋਣਾਂ ਦੇ ਤਹਿਤ ਸੂਬੇ ਵਿੱਚ ਆਖਰੀ ਪੜਾਅ ਤਹਿਤ ਵੋਟਿੰਗ ਹੋਣੀ ਹੈ ਪਰ ਉਸ ਤੋਂ ਪਹਿਲਾਂ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਆਡੀਓ ਵੀਡੀਓ ਵਾਇਰਲ ਹੋਣ ਦਾ ਸਿਲਸਲਾ ਜਾਰੀ ਹੈ। ਇਕ ਤਾਜ਼ਾ ਕਥਿਤ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕੇਿ ਇਹ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੰਤਰੀ ਬਲਕਾਰ ਸਿੰਘ ਹਨ। ਇਸ ਵੀਡਿਏ ਨੂੰ ਲੈਕੇ ਨਵਾਂ ਘਮਸਾਨ ਮਚਿਆ ਹੋਇਆ ਹੈ। ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੇ ਇਸ ਐਮਐਮਐਸ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਦਿਆਂ ਸਵਾਲ ਖ਼ੜੇ ਕੀਤੇ ਨੇ ਕੇ ਆਮ ਆਦਮੀ ਪਾਰਟੀ ਦੇ ਲੀਡਰ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ। ਬੀਤੇ ਦਿਨੀਂ ਲੁਧਿਆਣਾ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਦਾਅਵਾ ਕੀਤਾ ਸੀ ਕੇ ਆਪ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕਈ ਕਥਿਤ ਆਡੀਓ ਵੀਡੀਓ ਉਨ੍ਹਾਂ ਦੇ ਕੋਲ ਹਨ।
ਵਿਰੋਧੀਆਂ ਦੇ ਨਿਸ਼ਾਨੇ 'ਤੇ 'ਆਪ': ਕਥਿਤ ਵੀਡਿਓ ਨੂੰ ਲੈਕੇ ਭਾਜਪਾ ਦੇ ਤਜਿੰਦਰ ਬੱਗਾ ਨੇ ਐਕਸ ਉੱਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਸ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ 21 ਸਾਲ ਦੀ ਕੁੜੀ ਜਾ ਜਿਨਸੀ ਸ਼ੋਸਣ ਕਰ ਰਹੇ ਹਨ ਅਤੇ ਉਸ ਨੂੰ ਮਜਬੂਰ ਕਰ ਰਹੇ ਹਨ। ਤਜਿੰਦਰ ਬੱਗਾ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਮੰਤਰੀ ਤੱਕ ਨੌਕਰੀ ਲੈਣ ਦੇ ਲਈ ਸਿਫਾਰਿਸ਼ ਕੀਤੀ ਸੀ ਅਤੇ ਫਿਰ ਮੰਤਰੀ ਨੇ ਉਸਦਾ ਨੰਬਰ ਲਿਆ ਅਤੇ ਫਿਰ ਕੁੜੀ ਨੂੰ ਫੋਨ ਕਰਕੇ ਅਜਿਹੀਆਂ ਅਸ਼ਲੀਲ ਹਰਕਤਾਂ ਕੀਤੀਆਂ ਜੋ ਉਹ ਨਾ ਹੀ ਵਿਖਾ ਸਕਦੇ ਹਨ ਅਤੇ ਨਾ ਹੀ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਹਨ।
ਉੱਥੇ ਹੀ, ਦੂਜੇ ਪਾਸੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਜਿੱਥੇ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਕੋਲ ਕਥਿਤ ਆਡੀਓ-ਵੀਡੀਓ ਹਨ। ਜਿਸ ਦੇ ਨਾਲ ਉਹਨਾਂ ਦੇ ਕੱਚੇ ਚਿੱਠੇ ਖੁੱਲ੍ਹ ਜਾਣਗੇ। ਇਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਜਸਪਾਲ ਸਿੰਘ ਗਿਆਸਪੁਰਾਪੁਰਾ ਨੇ ਵੀ ਮਜੀਠੀਆ ਦੇ ਦਾਅਵੇ ਦੀ ਹਾਮੀ ਭਰੀ ਹੈ।
ਪਹਿਲਾਂ ਵੀ ਫਸੇ 'ਆਪ' ਆਗੂ: ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕੋਈ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਥਿਤ ਐਮਐਮਐਸ ਵਾਇਰਲ ਹੋਣ ਉੱਤੇ ਸਵਾਲ ਉੱਠੇ ਹੋਣ, ਪਹਿਲਾਂ ਵੀ ਪੰਜਾਬ ਸਰਕਾਰ ਦੇ ਮੰਤਰੀ ਕਟਾਰੂਚੱਕ ਦੀ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ। ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਨੇ ਕਟਾਰੂਚੱਕ ਨੂੰ ਮੰਤਰੀ ਮੰਡਲ ਤੋਂ ਕੱਢਣ ਦੀ ਮੰਗ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਟਾਰੂਚੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਇਹ ਵੀਡੀਓ ਉਹਨਾਂ ਦੇ ਮੰਤਰੀ ਬਣਨ ਤੋਂ ਪਹਿਲਾਂ ਦੀ ਹੈ। ਐਮਐਮਐਸ ਵਾਇਰਲ ਹੋਣ ਦਾ ਸਿਲਸਿਲਾ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਦਿੱਲੀ ਦੇ ਵੀ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸੇਕ ਲਾ ਚੁੱਕਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੀਪ ਕੁਮਾਰ ਨੂੰ ਵੀ ਇੱਕ ਮਹਿਲਾ ਦੇ ਨਾਲ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਸਵਾਤੀ ਮਾਲੀਵਾਲ ਵੱਲੋਂ ਵੀ ਅਰਵਿੰਦ ਕੇਜਰੀਵਾਲ ਦੇ ਪੀਏ ਉੱਤੇ ਉਸ ਨਾਲ ਧੱਕਾ ਮੁੱਕੀ ਕਰਨ ਦੇ ਇਲਜ਼ਾਮ ਲਗਾਏ ਸਨ।
2024 ਚੋਣਾਂ 'ਚ ਆਡੀਓ ਵਾਇਰਲ: ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਆਡੀਓ ਲੀਕ ਦੇ ਮਾਮਲੇ ਵੀ ਵੱਧ ਰਹੇ ਹਨ। ਬੀਤੇ ਦਿਨੀ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੀ ਹੀ ਮਹਿਲਾ ਐਮਐਲਏ ਰਜਿੰਦਰ ਪਾਲ ਕੌਰ ਛੀਨਾ ਦੀ ਇੱਕ ਆਡੀਓ ਮੀਡੀਆ ਦੇ ਵਿੱਚ ਸਾਂਝੀ ਕਰਦਿਆਂ ਦਾਅਵਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਖੁਦ ਹੀ ਕਹਿ ਰਹੀ ਹਨ ਕਿ ਬਿੱਟੂ ਦੀ ਸੀਐੱਮ ਭਗਵੰਤ ਮਾਨ ਦੇ ਨਾਲ ਚੰਗੀ ਸੈਟਿੰਗ ਹੈ। ਇੱਥੋਂ ਤੱਕ ਕਿ ਜਾਣ ਬੁਝ ਕੇ ਕਮਜ਼ੋਰ ਉਮੀਦਵਾਰ ਨੂੰ ਲੁਧਿਆਣਾ ਚੋਣ ਮੈਦਾਨ ਤੋਂ ਉਤਾਰਿਆ ਗਿਆ ਹੈ। ਰਵਨੀਤ ਬਿੱਟੂ ਦੀ ਵੀ ਇੱਕ ਆਡੀਓ ਕਾਂਗਰਸ ਦੇ ਵਿੱਚ ਬੀਤੇ ਦਿਨੀ ਸ਼ਾਮਿਲ ਹੋਏ ਸਿਮਰਜੀਤ ਬੈਂਸ ਵੱਲੋਂ ਵਾਇਰਲ ਕੀਤੀ ਗਈ ਸੀ। ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਡੀਓ ਦੇ ਵਿੱਚ ਰਵਨੀਤ ਬਿੱਟੂ ਸਿਮਰਜੀਤ ਬੈਂਸ ਨਾਲ ਗੱਲ ਕਰ ਰਹੇ ਹਨ ਅਤੇ ਨਾ ਉਹ ਸਿਰਫ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਬੋਲ ਰਹੇ ਹਨ ਸਗੋਂ ਮੌਜੂਦਾ ਜਿਸ ਪਾਰਟੀ ਦੇ ਵਿੱਚ ਉਹ ਗਏ ਹਨ ਭਾਜਪਾ ਦੇ ਲੀਡਰਾਂ ਦੇ ਖਿਲਾਫ ਵੀ ਬੋਲ ਰਹੇ ਹਨ।
- ਹਾਈਕੋਰਟ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ, ਰਣਜੀਤ ਕਤਲ ਕੇਸ 'ਚ ਕੋਰਟ ਨੇ ਕੀਤਾ ਬਰੀ - Ram Rahim acquitted in murder case
- ਕੇਜਰੀਵਾਲ ਨੇ ਕਿਹਾ - ਮੋਦੀ ਨਾਲ ਮੇਰੀ ਲੜਾਈ, ਮੋਦੀ ਖੁਦ ਨੂੰ ਕਹਿ ਰਹੇ ਭਗਵਾਨ ਦਾ ਅਵਤਾਰ', ਜਨਤਾ ਨੂੰ ਕੀਤੀ ਇਹ ਅਪੀਲ - Arvinder Kejriwal campaigned
- ਲੁਧਿਆਣਾ 'ਚ ਬਜ਼ੁਰਗਾਂ ਦੀ ਵੋਟ ਪਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਉਪਰਾਲਾ, ਘਰ-ਘਰ ਜਾ ਦੇ ਪਵਾਈ ਵੋਟ - Lok Sabha Elections 2024
ਮੰਤਰੀ ਦੀ ਸਫਾਈ: ਦੂਜੇ ਪਾਸੇ ਮੰਤਰੀ ਬਲਕਾਰ ਸਿੰਘ ਨੂੰ ਜਦੋਂ ਉਹਨਾਂ ਦੀ ਇਸ ਵਾਇਰਲ ਵੀਡੀਓ ਬਾਰੇ ਜਲੰਧਰ ਵਿਖੇ ਸਵਾਲ ਕੀਤਾ ਗਿਆ ਤਾਂ ਉਹ ਇਸ ਸਵਾਲ ਨੂੰ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਗਏ ਅਤੇ ਫਿਰ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਉਹਨਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਵੀਡੀਓ ਬਾਰੇ ਕੁਝ ਨਹੀਂ ਪਤਾ ਅਤੇ ਨਾ ਹੀ ਮੇਰੇ ਕੋਈ ਨੋਟਿਸ ਦੇ ਵਿੱਚ ਅਜਿਹੀ ਕੋਈ ਵੀਡੀਓ ਆਈ ਹੈ। ਇੰਨਾ ਕਹਿ ਕੇ ਉਹ ਚਲੇ ਗਏ। ਜਿਸ ਨੂੰ ਲੈ ਕੇ ਵੀ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਮੰਤਰੀ ਦੀ ਤਸਵੀਰ ਹੱਸਦੇ ਹੋਏ ਲਗਾਈ ਗਈ ਹੈ। ਉੱਧਰ ਦੂਜੇ ਪਾਸੇ ਇਸ ਕਥਿੱਤ ਵੀਡੀਓ ਦੀ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਜਪਾ ਦੇ ਲੀਡਰਾਂ ਵੱਲੋਂ ਤਾਂ ਮੰਤਰੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।